ਜਲੰਧਰ: ਕੇਂਦਰੀ ਇੰਡਸਟਰੀ ਐਂਡ ਕਾਮਰਸ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਭਾਰਤ, ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਤੋਂ ਫਾਇਦਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਮੁਲਕ ਦੀ ਇੰਡਸਟਰੀ ਨੂੰ ਚੀਨ ਦੇ ਮੁਕਾਬਲੇ ਖੜ੍ਹਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਅੱਤਵਾਦ ਬੰਦ ਨਹੀਂ ਕਰਦਾ, ਉਦੋਂ ਤੱਕ ਵਪਾਰ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਉਹ ਮੰਤਰੀ ਬਣ ਗਏ ਹਨ, ਫਿਰ ਵੀ ਉਹ ਹੁਸ਼ਿਆਰਪੁਰ ਦੇ ਲੋਕਾਂ ਦੇ ਸੰਪਰਕ ਵਿੱਚ ਰਹਿਣਗੇ।

ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਸਰਕਾਰ ਦੇ 100 ਦਿਨ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਬਰਾਮਦ ਵਧਾਉਣ 'ਤੇ ਵੀ ਫੋਕਸ ਹੋਵੇਗਾ। ਜ਼ਿਆਦਾ ਬਰਾਮਦ ਵਾਲੇ ਮੁਲਕਾਂ 'ਤੇ ਖਾਸ ਧਿਆਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਇੰਡਸਟਰੀ ਨੂੰ ਚੀਨ ਦੀ ਇੰਡਸਟਰੀ ਦੇ ਬਰਾਬਰ ਖੜ੍ਹਾ ਕੀਤਾ ਜਾਏਗਾ। ਪ੍ਰੋਫੈਸ਼ਨਲ ਟ੍ਰੇਡ ਸਟੇਟਸ ਖਤਮ ਕਰਨ 'ਤੇ ਛੇਤੀ ਕਦਮ ਚੁੱਕੇ ਜਾਣਗੇ।

ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੇਲੇ ਵੀ ਪੰਜਾਬ ਦੀ ਇੰਡਸਟਰੀ ਬਾਹਰ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਉਦਯੋਗ ਮੰਤਰੀ ਨੂੰ ਸਕੀਮਾਂ ਭੇਜਣ ਲਈ ਕਿਹਾ ਹੈ। ਨੋਟਬੰਦੀ ਦੇ ਮੁੱਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੁਰਾਣੀ ਗੱਲ ਹੋ ਗਈ ਹੈ। ਜੀਐਸਟੀ ਬਾਰੇ ਕਿਹਾ ਕਿ ਇਸ ਤੋਂ ਸਾਰੇ ਖੁਸ਼ ਹਨ। ਹੁਣ ਪੰਜ ਸਾਲ ਉਹ ਅਜਿਹੇ ਕੰਮ ਕਰਨਗੇ ਜਿਹੜੇ ਲੋਕਾਂ ਨੂੰ ਦਿੱਸਣ।