ਜੈਪੁਰ: ਮਨ ਨੂੰ ਸ਼ਾਂਤ ਰੱਖਣ, ਵਰਤਮਾਨ ਨਾਲ ਜੋੜਨ ਤੇ ਜੋ ਜਿਹਾ ਹੈ, ਉਸ ਨੂੰ ਉਵੇਂ ਦਾ ਸਵੀਕਾਰ ਕਰਨ ਲਈ ਜੈਪੁਰ ਦੇ ਲੋਕ ਇੰਟਰਨੈੱਟ ਦਾ ਵਰਤ ਰੱਖ ਰਹੇ ਹਨ। ਇੱਥੋਂ ਦੀਆਂ ਗਲਤਾ ਦੀਆਂ ਪਹਾੜੀਆਂ ਵਿੱਚ ਇਸੇ ਤਰ੍ਹਾਂ ਦਾ ਧੰਮ ਥਲੀ ਮੈਡੀਟੇਸ਼ਨ ਸੈਂਟਰ ਹੈ ਜਿੱਥੇ ਡਾਕਟਰ ਤੋਂ ਲੈ ਕੇ ਬਿਊਰੋਕ੍ਰੇਟਸ 10 ਦਿਨਾਂ ਦਾ ਕੋਰਸ ਕਰ ਰਹੇ ਹਨ। ਇਸ ਕੋਰਸ ਵਿੱਚ ਇਹ ਲੋਕ ਮੋਬਾਈਲ, ਇੰਟਰਨੈੱਟ ਤੇ ਭੱਜ-ਦੌੜ ਛੱਡਣ ਦਾ ਵਰਤ ਰੱਖਦੇ ਹਨ, ਚੁੱਪ ਰਹਿੰਦੇ ਹਨ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ ਤੇ ਸਿਰਫ ਧਿਆਨ ਕਰਨ ਵਿੱਚ ਮਗਨ ਰਹਿੰਦੇ ਹਨ।


ਸਥਾਨਕ ਲੋਕਾਂ ਨੂੰ ਇਹ ਵਿਚਾਰ ਕਾਫੀ ਪਸੰਦ ਆ ਰਿਹਾ ਹੈ। ਮੈਡੀਟੇਸ਼ਨ ਸੈਂਟਰ ਮੁਤਾਬਕ ਇਸ ਕੈਂਪ ਵਿੱਚ ਇੰਟਰਵਿਊ ਦੇ ਆਧਾਰ ’ਤੇ ਦਾਖ਼ਲਾ ਮਿਲਦਾ ਹੈ ਤੇ ਫੀਸ ਨਹੀਂ ਲਈ ਜਾਂਦੀ। ਸਵੇਰੇ 4 ਵਜੇ ਉੱਠਣਾ ਤੇ ਰਾਤ 9 ਵਜੇ ਸੌਣਾ ਹੁੰਦਾ ਹੈ। ਦਿਨ ਵਿੱਚ 10-11 ਘੰਟੇ ਸਿਰਫ ਧਿਆਨ ਹੀ ਕਰਨਾ ਹੈ। ਇੱਥੇ 10 ਤੇ 8 ਦਿਨਾਂ ਦੇ ਦੋ ਕੋਰਸ ਚੱਲਦੇ ਹਨ। ਇਨ੍ਹਾਂ 10 ਦਿਨਾਂ ਦੇ ਕੋਰਸ ਦੌਰਾਨ ਲੋਕ ਮੋਬਾਈਲ, ਇੰਟਰਨੈੱਟ ਤੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ ਤੇ ਚੁੱਪ ਰਹਿ ਕੇ ਸਿਰਫ ਧਿਆਨ ਲਾਉਂਦੇ ਹਨ।

ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਧੰਮ ਥਲੀ ਮੈਡੀਟੇਸ਼ਨ ਸੈਂਟਰ ਵਿੱਚ 290 ਲੋਕ ਧਿਆਨ ਕਰ ਰਹੇ ਹਨ ਜਿਨ੍ਹਾਂ ਵਿੱਚੋਂ 115 ਮਹਿਲਾਵਾਂ ਹਨ। ਇਨ੍ਹਾਂ ਵਿੱਚੋਂ 70 ਫੀਸਦੀ ਲੋਕਾਂ ਦੀ ਉਮਰ ਕਰੀਬ 35 ਸਾਲ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿੱਚ ਇਰਾਕ, ਇਰਾਨ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਆਏ 35-40 ਵਿਦੇਸ਼ੀ ਵੀ ਸ਼ਾਮਲ ਹਨ। ਸੈਂਟਰ ਵਿੱਚ ਕੁੱਲ 300 ਲੋਕਾਂ ਦੀ ਸਮਰਥਾ ਹੈ। ਵਿਅਕਤੀ ਸਿਰਫ ਕੱਪੜੇ ਲੈ ਕੇ ਇੱਥੇ ਆਉਂਦਾ ਹੈ ਬਾਕੀ ਸਾਰੀ ਵਿਵਸਥਾ ਸੈਂਟਰ ਵੱਲੋਂ ਹੀ ਕੀਤੀ ਜਾਂਦੀ ਹੈ।

ਸੈਂਟਰ ਵਿੱਚ ਸੇਵਾ ਮੁਕਤ ਜੱਜ ਤੋਂ ਲੈਕੇ ਬਿਊਰੋਕ੍ਰੇਟਸ ਤੇ ਲੈਕਚਰਸ ਆਪਣੀ ਇੱਛਾ ਨਾਲ ਇੱਥੇ ਸੇਵਾ ਨਿਭਾ ਰਹੇ ਹਨ। ਇਨ੍ਹਾਂ ਨੇ ਪਹਿਲਾਂ ਹੀ ਇਹ ਕੋਰਸ ਕੀਤਾ ਹੋਇਆ ਹੈ। ਕੋਰਸ ਮੁਫ਼ਤ ਵਿੱਚ ਕਰਵਾਇਆ ਜਾਂਦਾ ਹੈ। ਬੱਚਿਆਂ ਦੇ ਕੈਂਪ ਵੀ ਲਾਏ ਜਾਂਦੇ ਹਨ।