ਨਵੀਂ ਦਿੱਲੀ: ਇਸਲਾਮਿਕ ਸੰਸਥਾ ਜਮੀਅਤ ਉਲੇਮਾ-ਏ-ਹਿੰਦ ਨੇ ਦੇਸ਼ ਭਰ 'ਚ ਮੁਸਲਿਮ ਨੌਜਵਾਨਾਂ ਦਾ ਵੱਡਾ ਸੰਗਠਨ ਬਣਾਉਣ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਮੀਅਤ ਦੀ ਇਸ ਕੋਸ਼ਿਸ਼ ਨੂੰ ਆਰਐਸਐਸ ਦੀ ਟੱਕਰ ਤੇ ਸਵੈ ਸੇਵਕ ਤਿਆਰ ਕਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਜਮੀਅਤ ਯੂਥ ਕਲੱਬ ਦੇ ਨਾਂ ਨਾਲ ਬਣੇ ਇਸ ਸੰਗਠਨ ਦੇ ਵਿਸਤਾਰ ਦੇ ਪਹਿਲੇ ਗੇੜ 'ਚ ਪੰਜ ਰਾਜਾਂ ਦੇ 16 ਜ਼ਿਲ੍ਹਿਆਂ ਦੇ ਮੁਸਲਿਮ ਨੌਜਵਾਨਾਂ ਨੂੰ ਖਾਸ ਸਿਖਲਾਈ ਦਿੱਤੀ ਗਈ ਹੈ। ਸੰਗਠਨ ਦਾ ਦਾਅਵਾ ਹੈ ਕਿ ਸੰਗਠਨ ਦੇ ਸਾਰੇ ਮੁਸਲਿਮ ਨੌਜਵਾਨ ਸਮਾਜ ਲਈ ਸਾਕਾਰਾਤਮਕ ਦਿਸ਼ਾ 'ਚ ਕੰਮ ਕਰਨਗੇ।
ਸੰਗਠਨ ਦੀ ਰਣਨੀਤੀ
ਸੰਗਠਨ ਦੀ ਰਣਨੀਤੀ ਤਹਿਤ ਹਰ ਸਾਲ ਸਾਢੇ ਬਾਰ੍ਹਾਂ ਲੱਖ ਨੌਜਵਾਨਾਂ ਨੂੰ ਜੋੜ ਕੇ 2018 ਤੱਕ ਦੇਸ਼ ਦੇ 100 ਜ਼ਿਲ੍ਹਿਆਂ 'ਚੋਂ ਸਵਾ ਸੌ ਕਰੋੜ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਲਈ ਭਾਰਤ ਸਕਾਊਟ ਤੇ ਗਾਈਡ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ।
ਇਸ ਸਬੰਧੀ ਦੋ ਦਿਨ ਪਹਿਲਾਂ ਸਭ ਤੋਂ ਵੱਡੇ ਇਸਲਾਮਿਕ ਕੇਂਦਰ ਦੇਵਬੰਦ 'ਚ ਸਾਬਕਾ ਰਾਜ ਸਭਾ ਮੈਂਬਰ ਮੌਲਾਨਾ ਮਹਿਮੂਦ ਮਦਨੀ ਨੇ ਪੱਛਮੀ ਯੂਪੀ, ਹਰਿਆਣਾ ਤੇ ਗੁਜਰਾਤ ਸਮੇਤ ਵੱਖ-ਵੱਖ ਸੂਬਿਆਂ ਦੇ 100 ਨੌਜਵਾਨਾਂ ਦੇ ਇਕ ਜੱਥੇ ਦਾ ਪ੍ਰਦਰਸ਼ਨ ਕਰਕੇ ਆਪਣੇ ਇਰਾਦੇ ਸਪੱਸ਼ਟ ਕੀਤੇ ਹਨ। ਸੰਗਠਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦੇ ਇਸ ਸੰਗਠਨ ਜ਼ਰੀਏ ਆਮ ਲੋਕਾਂ ਦੇ ਹਿੱਤਾਂ ਤੇ ਸੁਰੱਖਿਆ ਦੀ ਦਿਸ਼ਾ 'ਚ ਕੰਮ ਕੀਤਾ ਜਾਵੇਗਾ।