ਬੰਗਲੁਰੂ: ਚੰਦਰਯਾਨ-2 ਸ਼ੁੱਕਰਵਾਰ-ਸ਼ਨੀਵਾਰ ਦੀ ਅੱਧੀ ਰਾਤ ਨੂੰ ਚੰਦਰਮਾ 'ਤੇ ਉਤਰੇਗਾ। ਇੱਕ ਪਾਸੇ ਉਨ੍ਹਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਪਰ ਦੂਜੇ ਪਾਸੇ ਉਹ ਇਸ ਨੂੰ ਚੁਣੌਤੀਪੂਰਨ ਵੀ ਮੰਨ ਰਹੇ ਹਨ। ਮਿਸ਼ਨ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ- ਹਾਲੇ ਹਰ ਕਿਸੇ ਦੀ ਜ਼ਬਾਨ ਬੰਦ ਹੈ। ਮੈਂ ਵੀ ਚੁੱਪ ਹਾਂ। ਇੱਕ ਵਾਰ ਈਵੈਂਟ ਪੂਰਾ ਹੋ ਜਾਣ ਦਿਓ। ਹਰ ਕਿਸੇ ਦੇ ਦਿਮਾਗ ਵਿੱਚ ਇਹੀ ਚੱਲ ਰਿਹਾ ਹੈ ਕਿ ਸਪੇਸਕ੍ਰਾਫਟ ਚੰਦਰਯਾਨ-2 ਤੇ ਲੈਂਡਰ ਵਿਕਰਮ ਲੈਂਡਰ ਦਾ ਕੀ ਹੋ ਰਿਹਾ ਹੈ। ਸਾਰੇ ਇਸ ਦੀ ਸਫਲ ਲੈਂਡਿੰਗ ਲਈ ਪ੍ਰਾਰਥਨਾ ਕਰ ਰਹੇ ਹਨ।


ਇਸਰੋ ਦੇ ਸਾਬਕਾ ਚੇਅਰਮੈਨ ਜੀ ਮਾਧਵਨ ਨਾਇਰ ਨੇ ਕਿਹਾ, 'ਇਹ ਇੱਕ ਅਨੌਖਾ ਘਟਨਾ ਹੋਣ ਜਾ ਰਹੀ ਹੈ। ਅਸੀਂ ਸਾਰੇ ਇਸ ਦਾ ਇੰਤਜ਼ਾਰ ਕਰ ਰਹੇ ਹਾਂ। ਮੈਨੂੰ ਇਸ ਦੀ ਸਫਲਤਾ ਨੂੰ ਲੈ ਕੇ 100 ਫੀਸਦੀ ਭਰੋਸਾ ਹੈ।' ਦੱਸ ਦੇਈਏ ਨਾਇਰ ਨੇ ਇੱਕ ਦਹਾਕਾ ਪਹਿਲਾਂ ਚੰਦਰਯਾਨ-1 ਮਿਸ਼ਨ ਦੀ ਅਗਵਾਈ ਕੀਤੀ ਸੀ।


ਇਸਰੋ ਦੇ ਇੱਕ ਹੋਰ ਸਾਬਕਾ ਚੇਅਰਮੈਨ ਏ ਐੱਸ ਕਿਰਨ ਕੁਮਾਰ ਨੇ ਕਿਹਾ- ਜੋ ਕੁਝ ਹੁਣ ਤੱਕ ਵਾਪਰਿਆ, ਉਸ ਦੇ ਮੁਕਾਬਲੇ ਅਸੀਂ ਇਸ ਸਮੇਂ ਸਭ ਤੋਂ ਸੰਵੇਦਨਸ਼ੀਲ ਪੜਾਅ ਵਿੱਚ ਹਾਂ। ਹੁਣ ਤਕ ਸਾਰੀਆਂ ਚੀਜ਼ਾਂ ਯੋਜਨਾ ਅਨੁਸਾਰ ਠੀਕ ਰਹੀਆਂ ਹਨ। ਉਮੀਦ ਹੈ ਅੱਗੇ ਵੀ ਸਾਰੀਆਂ ਗੱਲਾਂ ਯੋਜਨਾ ਮੁਤਾਬਕ ਹੀ ਹੋਣਗੀਆਂ।


ਚੰਦਰਯਾਨ-2 ਮਿਸ਼ਨ ਦੀ ਸ਼ੁਰੂਆਤ 22 ਜੁਲਾਈ ਨੂੰ ਕੀਤੀ ਗਈ ਸੀ। 14 ਅਗਸਤ ਨੂੰ ਲੈਂਡਰ ਤੇ ਰੋਵਰ ਨੇ ਧਰਤੀ ਦਾ ਚੱਕਰ ਛੱਡਿਆ ਸੀ। ਇਹ 6 ਦਿਨਾਂ ਬਾਅਦ ਇਹ ਲੂਨਰ ਆਰਬਿਟ ਵਿੱਚ ਦਾਖਲ ਹੋਇਆ। 2 ਸਤੰਬਰ ਨੂੰ ਵਿਕਰਮ ਸਫਲਤਾਪੂਰਵਕ ਆਰਬਿਟਰ ਤੋਂ ਵੱਖ ਹੋਣ ਵਿੱਚ ਸਫਲ ਰਿਹਾ। ਮਿਸ਼ਨ ਦੇ ਮੁਤਾਬਕ ਵਿਕਰਮ (ਲੈਂਡਰ) ਸ਼ੁੱਕਰਵਾਰ-ਸ਼ਨੀਵਾਰ ਅੱਧੀ ਰਾਤ ਨੂੰ 1 ਤੋਂ 2 ਵਜੇ ਦੇ ਵਿਚਕਾਰ ਚੰਦਰਮਾ 'ਤੇ ਲੈਂਡ ਕਰੇਗਾ।