ਮੁੰਬਈ: ਬੀਤੇ ਕੁਝ ਦਿਨਾਂ ਤੋਂ ਅਕਸ਼ੈ ਕੁਮਾਰ ਦੀ ਨਾਗਰਿਕਤਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ। ਬੀਤੇ 29 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਵੋਟਿੰਗ ਹੋਈ ਜਿਸ ‘ਚ ਕਈ ਬੀ-ਟਾਉਨ ਸਟਾਰਸ ਨੇ ਹਿੱਸਾ ਲਿਆ। ਇਸ ਦੌਰਾਨ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਤਾਂ ਵੋਟ ਪਾਉਣ ਆਈ ਪਰ ਅਕਸ਼ੈ ਉਨ੍ਹਾਂ ਨਾਲ ਨਜ਼ਰ ਨਹੀਂ ਆਏ।


ਇਸ ਨੂੰ ਲੈ ਕੇ ਅਕਸ਼ੈ ਕੁਮਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਸਵਾਲ ਕੀਤੇ ਜਾ ਰਹੇ ਸੀ। ਹੁਣ ਆਖਰਕਾਰ ਅੱਕੀ ਨੇ ਟ੍ਰੋਲਰਸ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਮੈਨੂੰ ਕਿਸੇ ਨੂੰ ਆਪਣੀ ਦੇਸ਼ ਭਗਤੀ ਤੇ ਪਿਆਰ ਸਾਬਤ ਕਰਕੇ ਦਿਖਾਉਣ ਦੀ ਲੋੜ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਮੇਰੀ ਨਾਗਰਿਕਤਾ ‘ਚ ਇੰਨੀ ਦਿਲਚਸਪੀ ਕਿਉਂ ਹੈ ਤੇ ਕਿਉਂ ਮੇਰੀ ਨਾਗਰਿਕਤਾ ਨੂੰ ਲੈ ਇੰਨਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।”


ਖਿਲਾੜੀ ਕੁਮਾਰ ਅਕਸ਼ੈ ਨੇ ਅੱਗੇ ਲਿਖਿਆ, “ਮੈਂ ਨਾ ਕਦੇ ਆਪਣੀ ਨਾਗਰਿਕਤਾ ਲੁਕਾਈ ਹੈ ਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਮੈਂ ਇਹ ਵੀ ਓਨਾ ਹੀ ਸੱਚ ਹੈ ਕਿ ਮੈਂ ਪਿਛਲੇ 7 ਸਾਲ ਤੋਂ ਕੈਨੇਡਾ ਨਹੀਂ ਗਿਆ ਹਾਂ। ਮੈਂ ਭਾਰਤ ‘ਚ ਕੰਮ ਕਰਦਾ ਹਾਂ ਤੇ ਸਾਰੇ ਟੈਕਸ ਦਿੰਦਾ ਹਾਂ। ਇੰਨੇ ਸਾਲਾਂ ‘ਚ ਮੈਨੂੰ ਕਦੇ ਭਾਰਤ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੀ ਲੋੜ ਨਹੀਂ ਪਈ।

ਹਾਲ ਹੀ ‘ਚ ਅਕਸ਼ੈ ਕੁਮਾਰ ਤੋਂ ਜਦੋਂ ਲੋਕ ਸਭਾ ਚੋਣਾਂ ‘ਚ ਵੋਟਿੰਗ ਨਾ ਕਰਨ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਸਵਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੀਐਮ ਮੋਦੀ ਦਾ ਗੈਰ-ਰਾਜਨੀਤਕ ਇੰਟਰਵਿਊ ਲੈਣ ਕਰਕੇ ਵੀ ਸੁਰਖੀਆਂ ‘ਚ ਰਹੇ ਸੀ।