ਪਣਜੀ: ਕਾਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੈਡੀ ਨੇ ਮਨੋਹਰ ਪਾਰਿਕਰ ਤੇ ਇਲਜ਼ਾਮ ਲਾਇਆ ਹੈ ਕਿ ਉਹ ਗੋਆ ਵਿੱਚ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਈ ਰੱਖਣ ਲਈ ਰਾਫਾਲ ਲੜਾਕੂ ਜਹਾਜ਼ ਸੌਦੇ ਜ਼ਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ‘ਬਲੈਕਮੇਲ’ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਉਨ੍ਹਾਂ ਬੁੱਧਵਾਰ ਨੂੰ ਮੰਡਗਾਂਵ ਵਿੱਚ ਪਾਰਟੀ ਦੀ ਜਨਆਕ੍ਰੋਸ਼ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਹੀ।
ਰੈਡੀ ਦੇ ਇਸ ਬਿਆਨ ’ਤੇ ਪ੍ਰੀਤਕਿਰਿਆ ਦਿੰਦਿਆਂ ਬੀਜੇਪੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਸ ਸਬੰਧ ਵਿੱਚ ਫੈਸਲਾ ਸੁਣਾਏ ਜਾਣ ਦੇ ਬਾਅਦ ਵੀ ਕਾਂਗਰਸ ਰਾਫਾਲ ਮੁੱਦੇ ’ਤੇ ਬੇਵਜ੍ਹਾ ਦੀ ਬਹਿਸ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਦਰਅਸਲ ਗੋਆ ਵਿੱਚ ਸੱਤਾ ਦੀ ਬਹਾਲੀ ਦੀ ਮੰਗ ਸਬੰਧੀ ਕਾਂਗਰਸ ਸਮੁੱਚੇ ਸੂਬੇ ਵਿੱਚ ਜਨ ਆਕ੍ਰੋਸ਼ ਰੈਲੀਆਂ ਕਰ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਪਾਰਿਕਰ ਦੀ ਖ਼ਰਾਬ ਸਿਹਤ ਕਾਰਨ ਪ੍ਰਸ਼ਾਸਨ ਦੇ ਕੰਮ-ਕਾਜ ’ਤੇ ਅਸਰ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਫਰਾਂਸ ਤੋਂ 36 ਲੜਾਕੂ ਜਹਾਜ਼ ਖਰੀਦਣ ਦੇ ਮਾਮਲੇ ’ਚ 14 ਦਸੰਬਰ ਨੂੰ ਪੀਐਮ ਨਰੇਂਦਰ ਮੋਦੀ ਦੀ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਅਰਬਾਂ ਡਾਲਰ ਦੇ ਰਾਫਾਲ ਸੌਦੇ ਵਿੱਚ ਫੈਸਲਾ ਲੈਣ ਦੀ ਪ੍ਰਕਿਰਿਆ ’ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਮਨੋਹਰ ਪਾਰਿਕਰ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਪਾਰਿਕਰ ‘ਜੋਕ’ ਵਾਂਗ ਮੁੱਖ ਮੰਤਰੀ ਦੀ ਕੁਰਸੀ ਨੂੰ ਚਿਪਕੇ ਹੋਏ ਹਨ।