ਨਵੀਂ ਦਿੱਲੀ: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਿੱਲੀ ਵਿੱਚ 400 ਤੋਂ ਵੱਧ ਵੱਡੀਆਂ ਇਮਾਰਤਾਂ ਤੇ ਭੀੜ ਵਾਲੇ ਬਾਜ਼ਾਰਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਖੁਫੀਆ ਜਾਣਕਾਰੀ ਅਨੁਸਾਰ ਤਿਉਹਾਰ ਦੇ ਮੱਦੇਨਜ਼ਰ ਅੱਤਵਾਦੀ ਰਾਜਧਾਨੀ ਵਿੱਚ ਵੱਡਾ ਹਮਲਾ ਕਰਨ ਦੀ ਫਿਰਾਕ ਵਿੱਚ ਹਨ। ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।


ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦਿੱਲੀ ਦੇ 15 ਵਿੱਚੋਂ 8 ਇਲਾਕੇ ਸੰਵੇਦਨਸ਼ੀਲ ਐਲਾਨ ਦਿੱਤੇ ਗਏ ਹਨ। ਰੋਹਿਣੀ, ਦਿੱਲੀ ਉੱਤਰ-ਪੂਰਬ, ਉੱਤਰ-ਪੱਛਮ, ਉੱਤਰ, ਨਵੀਂ ਦਿੱਲੀ, ਦੁਆਰਕਾ, ਪੂਰਬੀ ਤੇ ਕੇਂਦਰੀ ਵਿੱਚ 400 ਤੋਂ ਵੱਧ ਇਮਾਰਤਾਂ ਤੇ ਕੁਝ ਬਾਜ਼ਾਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੋ ਸਕਦੇ ਹਨ।

ਸੂਤਰਾਂ ਅਨੁਸਾਰ ਸਭ ਤੋਂ ਸੰਵੇਦਨਸ਼ੀਲ ਇਮਾਰਤਾਂ ਨਵੀਂ ਦਿੱਲੀ ਦੇ ਇਲਾਕੇ ਵਿੱਚ ਹਨ। ਦਿੱਲੀ ਪੁਲਿਸ ਨੇ ਸੁਰੱਖਿਆ ਵਿਵਸਥਾ ਸਖ਼ਤ ਕਰ ਕੇ ਪੁਲਿਸ ਨੂੰ ਇਮਾਰਤਾਂ ਤੇ ਬਜ਼ਾਰਾਂ ਦਾ ਵੇਰਵਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਅੱਠ ਜ਼ਿਲ੍ਹਿਆਂ ਵਿੱਚ ਤਕਰੀਬਨ 425 ਐਸੀਆਂ ਇਮਾਰਤਾਂ ਹਨ, ਜਿਨ੍ਹਾਂ ਦੀ ਦਿਨ-ਰਾਤ ਸੁਰੱਖਿਆ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ 200 ਇਮਾਰਤਾਂ ਵੀਆਈਪੀ ਸ਼੍ਰੇਣੀ ਦੀਆਂ ਹਨ। ਜੈਸ਼ ਦੀ ਧਮਕੀ ਤੋਂ ਬਾਅਦ ਇਨ੍ਹਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਜੈਸ਼-ਏ-ਮੁਹੰਮਦ ਤੇ ਇਸ ਦੇ ਅੱਤਵਾਦੀ ਸੰਗਠਨ ਇਨ੍ਹਾਂ ਇਮਾਰਤਾਂ ਦੇ ਨੇੜੇ ਆਤਮਘਾਤੀ ਹਮਲੇ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਭੀੜ 'ਤੇ ਬੰਬ ਸੁੱਟਣ ਤੋਂ ਲੈ ਕੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਅੰਨ੍ਹੇਵਾਹ ਫਾਇਰਿੰਗ ਵੀ ਕਰ ਸਕਦੇ ਹਨ।