ਨਵੀਂ ਦਿੱਲੀ: ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਰਕੀ ਦੀ ਪ੍ਰਸਤਾਵਿਤ ਤੁਰਕੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਤੁਰਕੀ ਨੇ ਹਾਲ ਹੀ ਵਿੱਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਇੰਨਾ ਹੀ ਨਹੀਂ ਤੁਰਕੀ ਦੇ ਰਾਸ਼ਟਰਪਤੀ ਰਿਸਪ ਤੈਯਪ ਅਰਦੋਗਾਨ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਸੀ।


ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27-28 ਅਕਤੂਬਰ ਨੂੰ ਇਕ ਵੱਡੇ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਾਊਦੀ ਅਰਬ ਜਾ ਰਹੇ ਹਨ। ਉਨ੍ਹਾਂ ਨੇ ਉਥੋਂ ਤੁਰਕੀ ਜਾਣਾ ਸੀ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਤੁਰਕੀ ਨਹੀਂ ਜਾਣਗੇ। ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਤਰਾਲੇ ਦੇ ਇਕ ਸੂਤਰ ਨੇ ਕਿਹਾ, 'ਯਾਤਰਾ ਬਾਰੇ ਕੋਈ ਫੈਸਲਾ ਨਹੀਂ ਹੋਇਆ। ਇਸ ਲਈ ਇਸ ਨੂੰ ਰੱਦ ਕਰਨ ਵਰਗੀ ਕੋਈ ਗੱਲ ਹੀ ਨਹੀਂ ਹੈ।'


ਮੋਦੀ ਦੀ ਅੰਕਾਰਾ (ਤੁਰਕੀ ਦੀ ਰਾਜਧਾਨੀ) ਦੀ ਯਾਤਰਾ 'ਤੇ ਸਿਧਾਂਤਕ ਸਮਝੌਤਾ ਹੋਇਆ ਸੀ ਤੇ ਇਸ ਵਿੱਚ ਹੋਰ ਮੁੱਦਿਆਂ ਦੇ ਇਲਾਵਾ ਵਪਾਰ ਅਤੇ ਰੱਖਿਆ ਸਹਿਯੋਗ 'ਤੇ ਗੱਲਬਾਤ ਕੀਤੀ ਜਾਣੀ ਸੀ।