ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਤਸਕਰੀ ਦਾ ਭਿਆਨਕ ਢੰਗ ਵੇਖਣ ਨੂੰ ਮਿਲਿਆ। ਜਮਾਇਕਾ ਦੀ ਇੱਕ ਔਰਤ ਚਾਰ ਕਰੋੜ ਦੀ ਕੋਕੀਨ ਆਪਣੇ ਢਿੱਡ ਵਿੱਚ ਛੁਪਾ ਕੇ ਲਿਆ ਰਹੀ ਸੀ। ਪੁਲਿਸ ਵੱਲੋਂ ਗ੍ਰਿਫਤਾਰ ਮਹਿਲਾ ਦੇ ਪੇਟ ਵਿੱਚ ਕੋਕੀਨ ਦੇ 74 ਕੈਪਸੂਲ ਸਨ ਜਿਨ੍ਹਾਂ ਦਾ ਵਜ਼ਨ 900 ਗ੍ਰਾਮ ਬਣਦਾ ਹੈ।
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦੋ ਨੌਜਵਾਨਾਂ ਨੂੰ ਵੀ ਇਸ ਗਰੋਹ ਨਾਲ ਕੰਮ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਕੋਕੀਨ ਦੀ ਇਸ ਖੇਪ ਨੂੰ ਦਿੱਲੀ ਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਕ੍ਰਿਸਮਸ ਤੇ ਨਵੇਂ ਸਾਲ ਦੇ ਸਮਾਗਮਾਂ ਲਈ ਸਪਲਾਈ ਕੀਤਾ ਜਾਣਾ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਜਮਾਇਕਾ ਦੀ ਮਹਿਲਾ ਨੂੰ ਹਵਾਈ ਅੱਡੇ ਤੋਂ ਕਾਬੂ ਕਰ ਲਿਆ। ਉਸ ਤੋਂ ਪੁੱਛਗਿੱਛ ਮਗਰੋਂ ਦੋ ਹੋਰ ਨਾਈਜੀਰੀਆਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਹ ਗਰੋਹ ਵਿਦੇਸ਼ ਤੋਂ ਨਸ਼ੀਲੇ ਪਦਾਰਥ ਲਿਆ ਕੇ ਭਾਰਤ ਵਿੱਚ ਸਪਲਾਈ ਕਰਦਾ ਸੀ।