ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਫਿਰ ਸ਼੍ਰੀਨਗਰ ਵਿੱਚ ਸੀਆਰਪੀਐਫ ਕੈਂਪ 'ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਪਿਛਲੇ ਸਮੇਂ ਦੌਰਾਨ ਅੱਤਵਾਦੀਆਂ ਨੇ ਆਪਣੀ ਸਰਗਰਮੀ ਵਧਾਈ ਹੈ। ਉਧਰ ਸਰਹੱਦ ਉੱਪਰ ਵੀ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਤਣਾਅ ਵਧਿਆ ਹੈ।
ਅੱਜ ਸਵੇਰੇ 4.30 ਵਜੇ ਏਕੇ-47 ਨਾਲ ਲੈਸ ਦੋ ਅੱਤਵਾਦੀਆਂ ਨੇ ਕਰਨ ਸੈਕਟਰ ਦੇ ਕੈਂਪ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫਿਲਹਾਲ ਐਨਕਾਉਂਟਰ ਚੱਲ ਰਿਹਾ ਹੈ। ਸੁਰੱਖਿਆ ਫੋਰਸਾਂ ਨੇ ਬਿਲਡਿੰਗ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ।
ਇਸ ਮਹੀਨੇ ਦੋ ਦਿਨਾਂ ਦੇ ਅੰਦਰ ਫੌਜ 'ਤੇ ਅੱਤਵਾਦੀਆਂ ਦਾ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 10 ਫਰਵਰੀ ਨੂੰ ਪਾਕਿਸਤਾਨ ਦੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਜੰਮੂ ਦੇ ਸੁੰਜਵਾਂ ਆਰਮੀ ਕੈਂਪ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸੀ।
ਜੰਮੂ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਇੱਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਸੀ। ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਚਾਰ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੇ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤੀ ਫੌਜੀ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਹਨ।