ਨਵੀਂ ਦਿੱਲੀ-ਜੰਮੂ-ਪਠਾਨਕੋਟ ਹਾਈਵੇ ਉੱਤੇ ਸੁੰਜਵਾਂ ਬ੍ਰਿਗੇਡ ਉੱਤੇ ਫਿਦਾਈਨ ਅੱਤਵਾਦੀ ਹਮਲਾ ਹੋਇਆ ਹੈ।  ਹਮਲੇ 'ਚ ਹਵਲਦਾਰ ਤੇ ਉਨ੍ਹਾਂ ਦੀ ਬੇਟੀ ਸਮੇਤ 4 ਜ਼ਖ਼ਮੀ ਹੋਏ ਹਨ। ਸੁੰਜਵਾਂ ਬ੍ਰਿਗੇਡ ਦੇ ਅੰਦਰ 3-4 ਅੱਤਵਾਦੀਆਂ ਦੇ ਘੁਸਪੈਠ ਦੀ ਖ਼ਬਰ ਹੈ। ਸਵੇਰੇ ਕਰੀਬ 4.50 ਵਜੇ ਤੋਂ ਫਾਇਰਿੰਗ ਜਾਰੀ ਹੈ। ਹਮਲੇ ਦੇ ਮੱਦੇਨਜ਼ਰ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੈਲੀਕਾਪਟਰ ਤੋਂ ਨਜ਼ਰ ਰੱਖੀ ਜਾ ਰਹੀ ਹੈ। ਕੈਂਪ ਦੇ ਨਜ਼ਦੀਕ 500 ਮੀਟਰ ਦੇ ਦਾਇਰੇ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਘਟਨਾ ਤੋਂ ਬਾਅਦ ਪੂਰੇ ਜੰਮੂ 'ਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਫ਼ੌਜ ਕੈਂਪ ਦੇ ਕੁਆਰਟਰ 'ਚ 3 ਤੋਂ 4 ਅੱਤਵਾਦੀਆਂ ਦੇ ਲੁਕੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਕੈਂਪ ਦੇ ਅੰਦਰੋਂ ਰੁਕ-ਰੁਕ ਕੇ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਤੜਕੇ ਸਵੇਰੇ 4.55 'ਤੇ ਸੰਤਰੀ ਦੇ ਬੰਕਰ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫ਼ਿਲਹਾਲ ਅੱਤਵਾਦੀ ਫ਼ੌਜ ਦੇ ਇੱਕ ਕੁਆਰਟਰ 'ਚ ਵੜੇ ਹੋਏ ਹਨ। ਖ਼ੁਫ਼ੀਆ ਸੂਤਰਾਂ ਨੇ ਆਤਮਘਾਤੀ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਸੀ। ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 31 ਦਸੰਬਰ, 2017 ਨੂੰ ਅੱਤਵਾਦੀਆਂ ਨੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਜੈਸ਼ ਦੇ 2 ਅੱਤਵਾਦੀਆਂ ਨੇ ਅਵੰਤੀਪੁਰਾ ਦੇ ਲੀਥਪੋਰਾ 'ਚ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ 5 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਘੰਟਿਆਂ ਗੋਲਾਬਾਰੀ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੋਹਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।