ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਸਰਕਾਰ ਸੂਬੇ ਵਿੱਚ ਸ਼ਾਂਤਮਈ ਮਾਹੌਲ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸੂਬੇ ਵਿੱਚ ਪਾਬੰਦੀਆਂ ਹੌਲੀ ਹੌਲੀ ਢਿੱਲੀਆਂ ਹੋ ਰਹੀਆਂ ਹਨ। ਕਸ਼ਮੀਰ ਵਿੱਚ ਜਿੱਥੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਉਨ੍ਹਾਂ ਖੇਤਰਾਂ ਵਿੱਚ ਅੱਜ ਹਾਈ ਸਕੂਲ ਖੁੱਲ੍ਹਣਗੇ। ਇਸ ਦੌਰਾਨ ਖ਼ਬਰਾਂ ਹਨ ਕਿ ਅੱਜ ਹੋਣ ਵਾਲੀ ਕੈਬਨਿਟ ਦੀ ਬੈਠਕ ਤੋਂ ਬਾਅਦ ਸਰਕਾਰ ਵੱਲੋਂ ਜੰਮੂ-ਕਸ਼ਮੀਰ ਲਈ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਸਰਕਾਰ ਦੇ ਇਸ ਪੈਕੇਜ ਦਾ ਮਕਸਦ ਜੰਮੂ-ਕਸ਼ਮੀਰ ਦੇ ਵਿਕਾਸ ਨੂੰ ਤੇਜ਼ ਕਰਨਾ ਹੈ। ਮੰਤਰੀ ਮੰਡਲ ਦੀ ਇਹ ਬੈਠਕ ਅੱਜ ਸ਼ਾਮ ਚਾਰ ਵਜੇ ਹੋਏਗੀ। ਇਸ ਨਾਲ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਵੀ ਐਲਾਨ ਕੀਤੇ ਜਾ ਸਕਦੇ ਹਨ।
ਦੱਸ ਦਈਏ ਮੰਗਲਵਾਰ ਨੂੰ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਕਈ ਮੰਤਰਾਲਿਆਂ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ ਸੀ। ਇਸ ਬੈਠਕ ਵਿੱਚ ਮੰਤਰਾਲੇ ਦੇ ਸਕੱਤਰਾਂ ਵਿੱਚ ਸੂਬੇ ਦਾ ਪੁਨਰਗਠਨ ਕਰਨ ਤੇ ਸਬੰਧਿਤ ਵਿਭਾਗ ਦਾ ਕੰਮਕਾਜ ਜੰਮੂ ਕਸ਼ਮੀਰ ਤੇ ਲੇਹ ਵਿੱਚ ਸ਼ੁਰੂ ਕਰਨ ਬਾਰੇ ਚਰਚਾ ਹੋਈ।