ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਤੇ ਨਰੇਂਦਰ ਮੋਦੀ ਸਰਕਾਰ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਸੈਨਾ ਤੇ ਹਵਾਈ ਸੈਨਾ ਹਾਈ ਅਲਰਟ ‘ਤੇ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਸੂਬੇ ਦੀ ਸਰੱਖਿਆ ਸਥਿਤੀਆਂ ‘ਤੇ ਨਜ਼ਰ ਰੱਖ ਰਹੇ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸ੍ਰੀਨਗਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਡੋਭਾਲ ਆਪਣੀ ਯਾਤਰਾ ਦੌਰਾਨ ਸੂਬੇ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣਗੇ।


ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ਾਂ ‘ਚ ਵੰਡੇ ਜਾਣ ਤੋਂ ਬਾਅਦ ਐਲਓਸੀ ‘ਤੇ ਸੈਨਾ ਅਲਰਟ ‘ਤੇ ਹੈ ਤਾਂ ਜੋ ਪਾਕਿਸਤਾਨ ਦੀ ਕਿਸੇ ਵੀ ਹਰਕਤ ਨੂੰ ਨਾਕਾਮ ਕੀਤਾ ਜਾ ਸਕੇ।

ਸੂਤਰਾਂ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਤਾਇਨਾਤ ਸੈਨਿਕ ਕਮਾਂਡਰ ਸੂਬੇ ‘ਚ ਸਮੁੱਚੀ ਸੁਰੱਖਿਆ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਤਿਹਾਸਕ ਫੈਸਲਿਆਂ ਤੋਂ ਬਾਅਦ ਪਾਕਿਸਤਾਨ ਕਸ਼ਮੀਰ ਘਾਟੀ ‘ਚ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਆਈਈਡੀ ਵਿਸਫੋਟਾਂ ਤੇ ਫਿਦਾਇਨ ਹਮਲਿਆਂ ਸਣੇ ਹਿੰਸਾ ਨੂੰ ਵਧਾ ਸਕਦਾ ਹੈ।

ਉਧਰ ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ, “ਸੁਰੱਖਿਆ ਬਲ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਅਸੀਂ ਸਥਿਤੀਆਂ ਨੂੰ ਹੱਥੋਂ ਬਾਹਰ ਨਹੀਂ ਜਾਣ ਦਿਆਂਗੇ।” ਸੂਤਰਾਂ ਦਾ ਮੰਨਣਾ ਹੈ ਕਿ ਸੂਬੇ ‘ਚ 2016 ‘ਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹੋਈ ਹਿੰਸਾ ਜਿਹੇ ਹਾਲਾਤ ਬਣ ਸਕਦੇ ਹਨ। ਇਸ ਦੇ ਨਾਲ ਹੀ ਜੰਮੂ ਜ਼ਿਲ੍ਹਾ ਪ੍ਰਸਾਸ਼ਨ ਨੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਰੱਖਣ ਨੂੰ ਕਿਹਾ ਹੈ। ਸੋਮਵਾਰ ਨੂੰ ਵੀ ਸਾਰੇ ਸਕੂਲ-ਕਾਲਜ ਬੰਦ ਰੱਖੇ ਗਏ ਸੀ।