Jammu Kashmir Attack: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਟਿਊਲਿਪ ਗਾਰਡਨ ਨੇੜੇ ਅੱਤਵਾਦੀਆਂ ਨੇ ਧਮਾਕਾ ਕੀਤਾ। ਇਸ ਧਮਾਕੇ 'ਚ ਇਕ ਆਟੋ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਜੰਮੂ ਜ਼ਿਲ੍ਹੇ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਵੈਨ ਦੇ ਡਰਾਈਵਰ ਨੇ ਪਾਰਕਿੰਗ ਖੇਤਰ ਦੇ ਕੋਲ ਵਾਹਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ।


ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੰਗਠਨ ਦ ਰੇਸਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਨੇ ਕਿਹਾ ਕਿ ਹਮਲੇ ਵਿੱਚ ਚੁੰਬਕੀ ਆਈਈਡੀ ਦੀ ਵਰਤੋਂ ਕੀਤੀ ਗਈ ਹੈ। ਜੰਮੂ-ਕਸ਼ਮੀਰ 'ਚ ਹਾਲ ਹੀ ਦੇ ਸਮੇਂ 'ਚ ਅੱਤਵਾਦੀ ਘਟਨਾਵਾਂ 'ਚ ਵਾਧਾ ਹੋਇਆ ਹੈ।

ਇਸ ਨਾਲ ਹੀ ਸੁਰੱਖਿਆ ਬਲਾਂ ਨੇ ਅੱਜ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅੰਸਾਰ ਗਜਵਤੁਲ ਹਿੰਦ ਅਤੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਪਛਾਣ ਅੰਸਾਰ ਗਜਵਤੁਲ ਹਿੰਦ ਦੇ ਸਫਤ ਮੁਜ਼ੱਫਰ ਸੋਫੀ ਉਰਫ ਮੁਆਵੀਆ ਤੇ ਲਸ਼ਕਰ ਦੇ ਉਮਰ ਤੇਲੀ ਉਰਫ ਤਲਹਾ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀਨਗਰ ਦੇ ਖੋਮੋਹ ਇਲਾਕੇ ਵਿੱਚ ਸਰਪੰਚ ਦੀ ਹੱਤਿਆ ਸਮੇਤ ਕਈ ਦਹਿਸ਼ਤੀ ਮਾਮਲਿਆਂ ਵਿੱਚ ਲੋੜੀਂਦੇ ਸਨ। ਅਧਿਕਾਰੀ ਮੁਤਾਬਕ ਦੋਵੇਂ ਅੱਤਵਾਦੀਆਂ ਨੇ ਹਾਲ ਹੀ 'ਚ ਤਰਾਲ 'ਚ ਆਪਣਾ ਟਿਕਾਣਾ ਬਣਾਇਆ ਸੀ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਅੱਤਵਾਦੀਆਂ ਨੇ ਤਿੰਨ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਬਿਹਾਰ ਦੇ ਦੋ ਵਰਕਰਾਂ ਅਤੇ ਇੱਕ ਕਸ਼ਮੀਰੀ ਪੰਡਿਤ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ ਸਨ।

ਅੱਤਵਾਦੀਆਂ ਨੇ ਸੋਮਵਾਰ ਨੂੰ ਮੇਸੂਮਾ ਇਲਾਕੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਜਵਾਨਾਂ 'ਤੇ ਗੋਲੀਬਾਰੀ ਕੀਤੀ। ਜਿਸ 'ਚ ਦੋ ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ SMHS ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਜਵਾਨ - ਹੈੱਡ ਕਾਂਸਟੇਬਲ ਵਿਸ਼ਾਲ ਕੁਮਾਰ - ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ।
ਇਸ ਨਾਲ ਹੀ ਸ਼ੋਪੀਆਂ ਜ਼ਿਲ੍ਹੇ ਦੇ ਚੋਟੀਗਾਮ 'ਚ ਸੋਮਵਾਰ ਸ਼ਾਮ ਸ਼ੱਕੀ ਅੱਤਵਾਦੀਆਂ ਨੇ 35 ਸਾਲਾ ਕਸ਼ਮੀਰੀ ਪੰਡਤ ਬਾਲ ਕ੍ਰਿਸ਼ਨ ਉਰਫ ਸੋਨੂੰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

ਇਸ ਤੋਂ ਪਹਿਲਾਂ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਹਮਲੇ 'ਚ ਬਿਹਾਰ ਦੇ ਦੋ ਮਜ਼ਦੂਰ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਲਾਜੁਰਾ 'ਚ ਦੁਪਹਿਰ ਨੂੰ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ 'ਚ ਬਿਹਾਰ ਦੇ ਰਹਿਣ ਵਾਲੇ ਪਤਲੇਸ਼ਵਰ ਕੁਮਾਰ ਅਤੇ ਜੈਕੋ ਚੌਧਰੀ ਜ਼ਖਮੀ ਹੋ ਗਏ।