ਚੰਡੀਗੜ੍ਹ: ਜੈੱਟ ਏਅਰਵੇਜ਼ ਦਾ ਆਪਣੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਣ ਤੇ ਉਡਾਣਾਂ ਰੱਦ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਵਿਚਾਲੇ ਕੰਪਨੀ ਦੇ ਰੱਖ-ਰਖਾਵ ਇੰਜਨੀਅਰਾਂ ਦੇ ਸੰਘ ਨੇ ਖੇਤਰ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਉਡਾਣਾਂ ਦੀ ਸੁਰੱਖਿਆ ਜ਼ੋਖ਼ਮ ਵਿੱਚ ਹੈ।
ਜੈਟ ਏਅਰਕ੍ਰਾਫਟ ਇੰਜਨੀਅਰਜ਼ ਵੈਲਫੇਅਰ ਐਸੋਸੀਏਸ਼ਨ (JAMEWA) ਨੇ ਡੀਜੀਸੀਏ ਨੂੰ ਚਿੱਠੀ ਵਿੱਚ ਲਿਖਿਆ ਹੈ ਕਿ ਸਾਡੇ ਲਈ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੈ। ਨਤੀਜਨ ਜਹਾਜ਼ ਇੰਜਨੀਅਰਾਂ ਦੀ ਮਨੋਵਿਗਿਆਨਕ ਸਥਿਤੀ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਕੰਮ ’ਤੇ ਵੀ ਅਸਰ ਪੈ ਰਿਹਾ ਹੈ। ਇਸੇ ਕਰਕੇ ਦੇਸ਼-ਵਿਦੇਸ਼ਾਂ ਵਿੱਚ ਘੁੰਮਣ ਵਾਲੇ ਜੈਟ ਏਅਰਵੇਜ਼ ਦੇ ਜਹਾਜ਼ਾਂ ਦੀ ਸੁਰੱਖਿਆ ਨੂੰ ਖ਼ਤਰਾ ਹੁੰਦਾ ਹੈ।
ਚਿੱਠੀ ਮੁਤਾਬਕ ਇੰਜਨੀਅਰ ਪਿਛਲੇ 7 ਮਹੀਨਿਆਂ ਤੋਂ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਕਰਕੇ ਬਹੁਤ ਦਬਾਅ ਵਿੱਚ ਹਨ। ਵਿਸ਼ੇਸ਼ ਤੌਰ ’ਤੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਹੀ ਨਹੀਂ ਮਿਲੀ। ਇੰਜਨੀਅਰਾਂ ਨੇ ਲਿਖਿਆ ਕਿ ਉਹ ਜਹਾਜ਼ਾਂ ਦੀ ਜਾਂਚ ਤੇ ਮੁਰੰਮਤ ਕਰਦੇ ਹਨ। ਜੇ ਉਹ ਖ਼ੁਦ ਦਬਾਅ ’ਚ ਰਹਿਣਗੇ ਤਾਂ ਕੰਮ ’ਤੇ ਮਾੜਾ ਅਸਰ ਪਏਗਾ।
ਦੱਸ ਦੇਈਏ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਨੇ ਸੋਮਵਾਰ ਨੂੰ ਆਪਣੇ 4 ਹੋਰ ਜਹਾਜ਼ਾਂ ਨੂੰ ਉਡਾਣ ਭਰਨੋਂ ਰੋਕ ਦਿੱਤਾ। ਕਿਰਾਏ ’ਤੇ ਲਏ ਜਹਾਜ਼ਾਂ ਦਾ ਕਿਰਾਇਆ ਨਾ ਦੇਣ ਕਰਕੇ ਉਸ ਦੇ 41 ਜਹਾਜ਼ ਸੰਚਾਲਨ ਤੋਂ ਬਾਹਰ ਹੋ ਗਏ ਹਨ।