ਚੰਡੀਗੜ੍ਹ: ਕਰਜ਼ੇ ਨਾਲ ਜੂਝ ਰਹੀ ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈਟ ਏਅਰਵੇਜ਼ ਨੇ ਬੁੱਧਵਾਰ ਨੂੰ 15 ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਛੇ ਬੋਇੰਗ 737 ਉਡਾਣਾਂ ਦੇ ਖੜ੍ਹਾ ਹੋਣ ਬਾਅਦ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਕਿਰਾਏ ’ਤੇ ਲਏ ਗਏ ਸੀ। ਹੁਣ ਸਮੇਂ ਸਿਰ ਪੈਸਿਆਂ ਦਾ ਭੁਗਤਾਨ ਨਾ ਕਰਨ ’ਤੇ ਇਨ੍ਹਾਂ ਦੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।


ਸੂਤਰਾਂ ਨੇ ਦੱਸਿਆ ਕਿ ਤਿੰਨ ਹੋਰ ਬੋਇੰਗ ਜਹਾਜ਼ਾਂ ਦੀ ਆਵਾਜਾਈ ਠੱਪ ਕੀਤੀ ਗਈ ਹੈ। ਇਸ ਕਰਕੇ ਮੰਗਲਵਾਰ ਨੂੰ ਕਰੀਬ 20 ਉਡਾਣਾਂ ਰੱਦ ਕੀਤੀਆਂ ਗਈਆਂ। ਪਿਛਲੇ ਦੋ ਦਿਨਾਂ ਵਿੱਚ ਕਿਰਾਇਆ ਨਾ ਅਦਾ ਕਰਨ ਕਰਕੇ ਖੜੇ ਕੀਤੇ ਜਹਾਜ਼ਾਂ ਦੀ ਗਿਣਤੀ ਛੇ ਹੋ ਗਈ ਹੈ। ਮੌਜੂਦਾ ਜੈਟ ਕੋਲ 120 ਜਹਾਜ਼ ਉਪਲੱਬਧ ਹਨ। ਜਾਣਕਾਰੀ ਮੁਤਾਬਕ ਕੰਪਨੀ ’ਤੇ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।

ਸੂਤਰਾਂ ਮੁਤਾਬਕ ਏਅਰਵੇਜ਼ ਨੂੰ ਬੁੱਧਵਾਰ ਵੀ 15 ਉਡਾਣਾਂ ਰੱਦ ਕਰਨੀਆਂ ਹੋਣਗੀਆਂ। ਇਨ੍ਹਾਂ ਵਿੱਚ ਕੁਝ ਉਡਾਣਾਂ ਦਿੱਲੀ ਵੀ ਜਾਣ ਵਾਲੀਆਂ ਹਨ। ਇਸ ਤੋਂ ਪਹਿਲਾਂ ਇੱਕ ਸੂਤਰ ਨੇ ਦੱਸਿਆ ਸੀ ਕਿ ਜੈਟ ਏਅਰਵੇਜ਼ ਵੱਲੋਂ ਜਹਾਜ਼ਾਂ ਦਾ ਪੱਟਾ ਕਿਰਾਇਆ ਨਹੀਂ ਦਿੱਤਾ ਗਿਆ ਇਸ ਲਈ ਉਸ ਨੇ ਆਪਣੇ ਤਿੰਨ ਹੋਰ ਬੋਇੰਗ-737 ਜਹਾਜ਼ਾਂ ਨੂੰ ਰੋਕਣਾ ਪਿਆ।

ਹਾਲਾਂਕਿ ਕੰਪਨੀ ਆਪਣੇ ਸਹਿਯੋਗੀ ਐਤਿਹਾਦ ਤੋਂ ਜ਼ਿਆਦਾ ਪੂੰਜੀ ਦਾ ਨਿਵੇਸ਼ ਕਰਨ ਦੀ ਗੱਲਬਾਤ ਕਰ ਰਹੀ ਹੈ। ਪਰ ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਖੜੇ ਕੀਤੇ ਜਾਣ ਬਾਅਦ ਕੰਪਨੀ ਨੇ ਆਪਣੀਆਂ ਦਿੱਲੀ, ਚੇਨਈ, ਮੁੰਬਈ, ਪੁਣੇ, ਹੈਦਰਾਬਾਦ, ਪੋਰਟ ਬਲੇਅਰ ਤੇ ਬੰਗਲੁਰੂ ਆਉਣ-ਜਾਣ ਵਾਲੀਆਂ ਘੱਟੋ-ਘੱਟ 19 ਉਡਾਣਾਂ ਰੱਦ ਕਰ ਦਿੱਤੀਆਂ ਹਨ।