ਵਾਸ਼ਿੰਗਟਨ: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਕੌਮਾਂਤਰੀ ਖ਼ਤਰਿਆਂ ਬਾਰੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਭਾਰਤ 'ਚ ਆਮ ਚੋਣਾਂ ਦੌਰਾਨ ਫਿਰਕੂ ਦੰਗੇ ਹੋ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਿੰਸਾ ਦੀ ਸੰਭਾਵਨਾ ਉਦੋਂ ਹੋਰ ਵੀ ਵੱਧ ਹੋਵੇਗੀ ਜਦ ਭਾਰਤੀ ਜਨਤਾ ਪਾਰਟੀ ਹਿੰਦੂ ਰਾਸ਼ਟਰਵਾਦ ਨੂੰ ਉਤਸ਼ਾਹਤ ਕਰੇਗੀ। ਇਸ ਦੇ ਨਾਲ ਹੀ ਭਾਰਤ ਵਿੱਚ ਮੌਜੂਦ ਅੱਤਵਾਦੀਆਂ ਨੂੰ ਪਾਕਿਸਤਾਨ ਦਾ ਸਮਰਥਨ ਮਿਲਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

ਇਸ ਸਾਲਾਨਾ ਰਿਪੋਰਟ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ ਦੇ ਨਿਰਦੇਸ਼ਕ ਡੈਨੀਅਲ ਕੋਸਟਾ ਨੇ ਸਰਕਾਰ ਸਾਹਮਣੇ ਪੇਸ਼ ਕੀਤਾ ਹੈ। ਰਿਪੋਰਟ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਧੀਨ ਜਿਹੋ ਜਿਹੀਆਂ ਨੀਤੀਆਂ ਬਣ ਰਹੀਆਂ ਹਨ, ਉਸ ਨਾਲ ਬੀਜੇਪੀ ਦੀ ਸਰਕਾਰ ਵਾਲੇ ਸੂਬਿਆਂ ਵਿੱਚ ਫਿਰਕੂ ਤਣਾਅ ਵਧ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸੂਬਿਆਂ ਦੇ ਬੀਜੇਪੀ ਨੇਤਾ ਵੱਧ ਸਮਰਥਨ ਹਲਕੀ ਹਿੰਸਾ ਦਾ ਸਹਾਰਾ ਵੀ ਲੈ ਸਕਦੇ ਹਨ।

ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫਿਰਕੂ ਤਣਾਅ ਦੇਸ਼ ਦੇ ਮੁਸਲਮਾਨਾਂ ਨੂੰ ਮੁਲਕ ਤੋਂ ਦੂਰ ਕਰ ਸਕਦਾ ਹੈ ਤੇ ਇਸੇ ਕਾਰਨ ਇਸਲਾਮਕ ਦਹਿਸ਼ਤੀ ਜਥੇਬੰਦੀਆਂ ਨੂੰ ਆਪਣੀ ਪਕੜ ਮਜ਼ਬੂਤ ਬਣਾਉਣ ਵਿੱਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਯਾਨੀ 2018 ਵਿੱਚ ਜਦ ਅਮਰੀਕਾ ਨੇ ਇਹ ਰਿਪੋਰਟ ਪੇਸ਼ ਕੀਤੀ ਸੀ ਤਾਂ ਭਾਰਤ ਦਾ ਕੋਈ ਖ਼ਾਸ ਜ਼ਿਕਰ ਨਹੀਂ ਸੀ। ਸਿਰਫ ਇੰਨੇ ਸੰਕੇਤ ਦਿੱਤੇ ਸਨ ਕਿ ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਾ ਸਾਹਮਣਾ ਕਰਨਾ ਪਵੇਗਾ।

ਤਾਜ਼ਾ ਰਿਪੋਰਟ ਮੁਤਾਬਕ ਜੁਲਾਈ ਵਿੱਚ ਅਫ਼ਗਾਨਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਕਾਰਨ ਦੱਖਣੀ ਏਸ਼ੀਆ ਨੂੰ ਭਾਰੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਤਰੇ ਦਾ ਵੱਡਾ ਕਾਰਨ ਤਾਲਿਬਾਨ ਵੱਲੋਂ ਕੀਤੇ ਜਾਣ ਵਾਲੇ ਅੱਤਵਾਦੀ ਹਮਲਿਆਂ ਨੂੰ ਦੱਸਿਆ ਗਿਆ ਹੈ। ਰਿਪੋਰਟ ਵਿੱਚ ਪਾਕਿਸਤਾਨ ਵੱਲੋਂ ਅੱਤਵਾਦ 'ਤੇ ਰੋਕ ਲਾਉਣ ਵਿੱਚ ਨਾਕਾਮੀ ਨੂੰ ਵੱਡੇ ਪੱਧਰ 'ਤੇ ਦਰਸਾਇਆ ਗਿਆ ਹੈ।