ਜੀਂਦ: ਜੀਂਦ ਪ੍ਰਸ਼ਾਸਨ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਪਿੰਡ ਡੂਮਰੱਖਾ ਵਿੱਚ ਦੁਸ਼ਯੰਤ ਚੌਟਾਲਾ ਨਾਲ ਫਰਜ਼ੀ ਵੋਟ ਪਾਉਣ ਨੂੰ ਲੈ ਕੇ ਸਥਿਤੀ ਗੰਭੀਰ ਬਣੀ ਹੋਈ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ 120 ਦੀ ਸਪੀਡ 'ਤੇ ਆਪਣੀਆਂ ਗੱਡੀਆਂ ਨੂੰ ਪਿੰਡ ਦੇ ਰਾਹੇ ਪਾ ਲਿਆ। ਜੀਂਦ ਦੇ ਡੀਸੀ ਤੇ ਐਸਪੀ ਦਾ ਕਾਫਲਾ ਤੁਰੰਤ ਪੈਰਾ ਮਿਲਟਰੀ ਫੋਰਸ ਨਾਲ ਪੂਰੀ ਸਪੀਡ 'ਚ ਜੀਂਦ ਸ਼ਹਿਰ ਤੋਂ ਪਿੰਡ ਵੱਲ ਰਵਾਨਾ ਹੋਏ।


ਇਹ ਪਿੰਡ ਸ਼ਹਿਰ ਤੋਂ ਲਗਪਗ 30 ਕਿਮੀ ਦੂਰ ਹੈ ਤੇ ਅਧਿਕਾਰੀਆਂ ਦੇ ਕਾਫਲੇ ਨੇ 20 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਰੀ ਤੈਅ ਕਰ ਲਈ। 'ABP ਨਿਊਜ਼' ਦੇ ਰਿਪੋਰਟਰ ਵੀ ਇਸ ਕਾਫਲੇ ਦੇ ਪਿੱਛੇ ਹੀ ਸਨ। ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਦੁਸ਼ਯੰਤ ਚੌਟਾਲਾ ਵੀ ਮੌਕੇ 'ਤੇ ਮੌਜੂਦ ਸਨ। ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਸੀ। ਮੌਕੇ 'ਤੇ ਪਹੁੰਚਦਿਆਂ ਹੀ ਪੈਰਾ ਮਿਲਟਰੀ ਫਓਰਸ ਨੇ ਮੋਰਚਾ ਸਾਂਭ ਲਿਆ। ਡੀਸੀ ਨੇ ਖੁਦ ਮਾਈਕ ਸੰਭਾਲਿਆ ਤੇ ਲੋਕਾਂ ਨੂੰ ਸੂਚਿਤ ਕੀਤਾ।


10 ਮਿੰਟਾਂ ਅੰਦਰ ਅਧਿਕਾਰੀਆਂ ਨੇ ਦੁਸ਼ਯੰਤ ਚੌਟਾਲਾ ਦੀ ਸ਼ਿਕਾਇਤ ਲਈ ਤੇ ਮਾਮਲਾ ਸ਼ਾਂਤ ਕਰਵਾਇਆ। ਦੱਸ ਦੇਈਏ ਪਿੰਡ ਡੂੰਮਰੱਖਾ ਕੇਂਦਰੀ ਮੰਤਰੀ ਚੌਧਰੀ ਵੀਰਿੰਦਰ ਸਿੰਘ ਦਾ ਜੱਦੀ ਪਿੰਡ ਹੈ। ਇਹ ਉਚਾਣਾ ਵਿਧਾਨ ਸਭਾ ਦੇ ਅਧੀਨ ਆਉਂਦਾ ਹੈ।