ਮੁੰਬਈ : ਭ੍ਰਿਸ਼ਟਾਚਾਰ ਨਾਲ ਜੁੜੇ ਆਪਣੇ ਇੱਕ ਟਵੀਟ 'ਤੇ ਪੈਦਾ ਹੋਏ ਵਿਵਾਦ ਵਿੱਚ ਫਸੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਹਮਾਇਤ ਵਿੱਚ ਆ ਕੇ ਕਾਂਗਰਸ ਨੇ ਕਿਹਾ ਕਿ ਬੀਜੇਪੀ ਦਾ 'ਘਟੀਆ ਕਰਤੂਤ ਵਿਭਾਗ' ਇਸ ਕਲਾਕਾਰ ਨੂੰ ਇਸ ਲਈ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ ਬੋਲਣ ਦੀ ਹਿੰਮਤ ਕੀਤੀ ਹੈ।




ਮੁੰਬਈ ਕਾਂਗਰਸ ਪ੍ਰਧਾਨ ਸੰਜੇ ਨਿਰੁਪਮ ਨੇ ਕਿਹਾ,'ਬੀਜੇਪੀ ਵਿੱਚ ਇੱਕ ਘਟਿਆ ਕਰਤੂਤ ਵਿਭਾਗ ਹੈ ਜੋ ਕਿਸੇ ਵੱਲੋਂ ਵੀ ਪਾਰਟੀ ਖਿਲਾਫ ਉਂਗਲ ਚੁੱਕਣ 'ਤੇ ਹਰਕਤ ਵਿੱਚ ਆ ਜਾਂਦਾ ਹੈ।' ਸਾਬਕਾ ਸਾਂਸਦ ਨੇ ਕਿਹਾ ਕਿ ਉਹ ਸ਼ਰਮਾ ਵੱਲੋਂ ਕੀਤੇ ਗਏ ਨਿਯਮਾਂ ਦੇ ਉਲੰਘਣਾ ਦਾ ਸਮਰਥਨ ਨਹੀਂ ਕਰ ਰਹੇ ਪਰ ਸ਼ਰਮਾ ਨੂੰ ਬੀਜੇਪੀ ਵਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ।







ਉਨ੍ਹਾਂ ਕਿਹਾ ਕਿ ਜੇਕਰ ਕਪਿਲ ਨੇ ਕੁਝ ਗਲਤ ਕੀਤਾ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਮੁੱਖ ਮੰਤਰੀ ਦੇਵੇਂਦਰ ਫਡਨਵੀਸ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ,'ਮੁੱਖ ਮੰਤਰੀ ਨੂੰ ਸ਼ਰਮਾ ਦੇ ਉਲੰਘਣਾ ਖਿਲਾਫ ਕਾਰਵਾਈ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਆਪਣੇ ਦਫਤਰ ਤੇ ਸਰਕਾਰੀ ਭਵਨਾਂ ਦਾ ਨਿਰਮਾਣ ਵੀ ਉਲੰਘਣਾ ਕਰਕੇ ਹੋਇਆ ਹੈ।'