ਨਵੀਂ ਦਿੱਲੀ: ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਹੀ ਨਹੀਂ ਸਗੋਂ ਦੂਜੀ ਕੌਮੀ ਪਾਰਟੀ ਕਾਂਗਰਸ ਨੂੰ ਵੀ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਇਸ ਹਾਰ ਲਈ ਦੇਸ਼ ਭਰ ਵਿੱਚ ਬੀਜੇਪੀ ਬਾਰੇ ਚਰਚਾ ਹੋ ਰਹੀ ਹੈ ਪਰ ਕਾਂਗਰਸ ਵਿੱਚ ਘਮਸਾਣ ਛਿੜਣ ਵਾਲਾ ਹੈ।
ਇਸ ਦੀ ਸ਼ੁਰੂਆਤ ਕਰਦਿਆਂ ਸੀਨੀਅਰ ਕਾਂਗਰਸ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਆਪਣੀ ਪਾਰਟੀ ਨੂੰ ਸਲਾਹ ਦਿੱਤੀ ਹੈ। ਸਿੱਬਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਪ੍ਰਦਰਸ਼ਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਕਿਉਂਕਿ ਪਾਰਟੀ ਪੱਛਮੀ ਬੰਗਾਲ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇਸ ਦੇ ਨਾਲ ਹੀ ਪਾਰਟੀ ਆਸਾਮ ਤੇ ਕੇਰਲ 'ਚ ਵੀ ਅਸਫਲ ਰਹੀ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਪਿਲ ਸਿੱਬਲ ਨੇ ਕਿਹਾ, "ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਪਾਰਟੀ ਆਸਾਮ ਤੇ ਕੇਰਲ 'ਚ ਅਸਫਲ ਰਹੀ। ਪੱਛਮੀ ਬੰਗਾਲ 'ਚ ਇੱਕ ਵੀ ਸੀਟ ਨਹੀਂ ਹਾਸਲ ਕਰ ਸਕੀ। ਹੁਣ ਜਦੋਂ ਪਾਰਟੀ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ, ਤਾਂ ਇਸ ਤਮਾਸ਼ੇ 'ਤੇ ਧਿਆਨ ਦੇਣਾ ਚਾਹੀਦਾ ਹੈ।"
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਕਾਂਗਰਸ ਦੀ ਕਾਰਗੁਜ਼ਾਰੀ ਦੇ ਮੁੱਦੇ 'ਤੇ ਹੋਰ ਟਿੱਪਣੀ ਨਹੀਂ ਕਰਨਗੇ ਤੇ ਸਹੀ ਸਮਾਂ ਆਉਣ 'ਤੇ ਇਸ ਮੁੱਦੇ 'ਤੇ ਗੱਲ ਕਰਨਗੇ। ਉਨ੍ਹਾਂ ਕਿਹਾ, "ਅਸੀਂ ਆਪਣੇ ਵਿਚਾਰ ਰੱਖਾਂਗੇ। ਅੱਜ ਸਾਰੀਆਂ ਧਿਰਾਂ ਨੂੰ ਕੋਵਿਡ ਮਹਾਂਮਾਰੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।"
ਕੋਵਿਡ ਸੰਕਟ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ
ਦੇਸ਼ 'ਚ ਕੋਵਿਡ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਮਹਾਂਮਾਰੀ ਦੇ ਵਿਰੁੱਧ ਇਸ ਸੰਘਰਸ਼ ਨੂੰ ਜਿੱਤਾਂਗੇ। ਚੋਣ ਇੱਕ ਵੱਖਰਾ ਮਾਮਲਾ ਹੈ ਪਰ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ।
ਜ਼ਿਕਰਯੋਗ ਹੈ ਕਿ ਕਪਿਲ ਸਿੱਬਲ ਕਾਂਗਰਸ 'ਚ ਬਾਗੀ ਗਰੁੱਪ ਜੀ-23 ਦਾ ਹਿੱਸਾ ਰਹੇ ਹਨ। ਗਰੁੱਪ ਨੇ ਪਿਛਲੇ ਸਾਲ ਅਗਸਤ 'ਚ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ 'ਚ ਪਾਰਟੀ ਵਿੱਚ ਸੰਗਠਨਾਤਮਕ ਸੁਧਾਰ ਦੀ ਮੰਗ ਕੀਤੀ ਗਈ ਸੀ। ਹੁਣ ਉਨ੍ਹਾਂ ਨੇ 5 ਸੂਬਿਆਂ 'ਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਚਿੰਤਾ ਜਤਾਈ ਹੈ। ਉਨ੍ਹਾਂ ਤੇ ਜੀ-23 ਆਗੂਆਂ ਜਿਵੇਂ ਮਨੀਸ਼ ਤਿਵਾੜੀ, ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬੰਗਾਲ 'ਚ ਭਾਜਪਾ ਨੂੰ ਹਰਾਉਣ ਲਈ ਵਧਾਈ ਦਿੱਤੀ ਹੈ।