ਨਵੀਂ ਦਿੱਲੀ: ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੰਡਰਵਰਲਡ ਡਾਨ ਕਰੀਮ ਲਾਲਾ ਨੂੰ ਮਿਲਣ ਲਈ ਅਕਸਰ ਮੁੰਬਈ ਆਉਂਦੇ ਸੀ। ਇਸ ਮਗਰੋਂ ਬੀਜੇਪੀ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਇਸ ਬਾਰੇ ਸੋਨੀਆ ਗਾਂਧੀ ਜਵਾਬ ਦੇਣ। ਇਸ ਦੇ ਨਾਲ ਹੀ ਸੰਜੈ ਰਾਊਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਹਿਣ ਦਾ ਇਹ ਮਤਲਬ ਸੀ ਕਿ ਇੰਦਰਾ ਗਾਂਧੀ ਕਰੀਮ ਲਾਲਾ ਨੂੰ ਪਠਾਨ ਲੀਡਰ ਕਰਕੇ ਮਿਲਣ ਆਉਂਦੇ ਸੀ। ਦਰਅਸਲ ਮੁੰਬਈ ਵਿੱਚ ਅੰਡਰਵਰਲਡ ਦੇ ਦਿਨਾਂ ਨੂੰ ਯਾਦ ਕਰਦਿਆਂ ਰਾਊਤ, ਜੋ ਪਹਿਲਾਂ ਪੱਤਰਕਾਰ ਸਨ, ਨੇ ਕਿਹਾ ਕਿ ਦਾਊਦ ਇਬਰਾਹਿਮ, ਛੋਟਾ ਸ਼ਕੀਲ ਤੇ ਸ਼ਰਦ ਸ਼ੈਟੀ ਜਿਹੇ ਗੈਂਗਸਟਰਾਂ ਦਾ ਮੁੰਬਈ ਤੇ ਨੇੜਲੇ ਇਲਾਕਿਆਂ ’ਤੇ ਪੂਰਾ ਕੰਟਰੋਲ ਹੁੰਦਾ ਸੀ। ਮੁੰਬਈ ਦਾ ਪੁਲਿਸ ਕਮਿਸ਼ਨਰ ਕੌਣ ਹੋਵੇਗਾ ਤੇ ‘ਮੰਤਰਾਲੇ’ (ਸਕੱਤਰੇਤ) ਵਿੱਚ ਕੌਣ ਬੈਠੇਗਾ, ਇਸ ਦਾ ਫੈਸਲਾ ਵੀ ਇਹ ਗੈਂਗਸਟਰ ਹੀ ਕਰਦੇ ਸਨ। ਰਾਊਤ ਨੇ ਇਹ ਖੁਲਾਸਾ ਇੱਕ ਇੰਟਰਵਿਊ ਵਿੱਚ ਕੀਤਾ ਹੈ। ਰਾਊਤ ਨੇ ਕਿਹਾ, ‘ਹਾਜੀ ਮਸਤਾਨ ਜਦੋਂ ਕਦੇ ‘ਮੰਤਰਾਲਾ’ ਆਉਂਦਾ ਸੀ, ਪੂਰਾ ਸਕੱਤਰੇਤ ਉਸ ਨੂੰ ਵੇਖਣ ਲਈ ਹੇਠਾਂ ਉੱਤਰ ਆਉਂਦਾ ਸੀ। ਇੰਦਰਾ ਗਾਂਧੀ, ਕਰੀਮ ਲਾਲਾ ਨੂੰ ਮਿਲਣ ਲਈ ਪਾਇਧੋਨੀ (ਦੱਖਣੀ ਮੁੰਬਈ ’ਚ ਇੱਕ ਥਾਂ) ਆਉਂਦੀ ਸੀ।’ ਲਾਲਾ, ਜੋ 1960 ਤੋਂ 1980ਵਿਆਂ ਵਿੱਚ ਮੁੰਬਈ ਵਿੱਚ ਸ਼ਰਾਬ, ਜੂਆ ਤੇ ਜਬਰੀ ਵਸੂਲੀ ਦਾ ਧੰਦਾ ਕਰਦਾ ਸੀ, ਦੀ ਸਾਲ 2002 ਵਿੱਚ ਮੌਤ ਹੋ ਗਈ ਸੀ।