ਚੰਡੀਗੜ੍ਹ: ਸ਼ਰਾਬ ਦੀ ਵਿਕਰੀ ਨੂੰ ਲੈ ਕੇ ਕਰਨਾਲ ਦੇ ਪਿੰਡ ਕਲਹੋੜੀ ਵਿੱਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋਈ। ਦੋਵਾਂ ਧਿਰਾਂ ਵਿਚਾਲੇ ਕਾਫੀ ਡਾਂਗਾਂ-ਸੋਟੇ ਚੱਲੇ। ਘਟਨਾ ਦੌਰਾਨ ਕਰੀਬ 20 ਤੋਂ ਵੱਧ ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿੱਚ ਛੇ ਮਹਿਲਾਵਾਂ ਵੀ ਸ਼ਾਮਲ ਹਨ।


ਜ਼ਖ਼ਮੀਆਂ ਨੂੰ ਘਰੌਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਹਾਲਤ ਨੂੰ ਵੇਖਦਿਆਂ ਇੱਕ ਦਰਜਣ ਤੋਂ ਵੱਧ ਨੂੰ ਕਰਨਾਲ ਰੈਫਰ ਕਰ ਦਿੱਤਾ ਗਿਆ। ਸ਼ਰਾਬ ਦੀ ਵਿਕਰੀ ਸਬੰਧੀ ਪਿਛਲੇ ਕਈ ਦਿਨਾਂ ਤੋਂ ਦੋਵਾਂ ਧਿਰਾਂ ਵਿਚਾਲੇ ਤਣਾਓ ਚੱਲ ਰਿਹਾ ਸੀ।

ਇੱਕ ਪੱਖ ਦੇ ਪੰਚ ਰਾਜਪਾਲ ਦਾ ਇਲਜ਼ਾਮ ਹੈ ਕਿ ਪਿੰਡ ’ਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਠੇਕਾ ਖੋਲ੍ਹਣ ਲਈ ਪੰਚਾਇਤ ਵੱਲੋਂ ਕੋਈ ਐਨਓਸੀ ਨਹੀਂ ਲਈ ਗਈ। ਇਸ ਸਬੰਧੀ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਉੱਤੋਂ ਸ਼ਰਾਬ ਵੀ ਨਾਜ਼ਾਇਤ ਤਰੀਕੇ ਨਾਲ ਵੇਚੀ ਜਾ ਰਹੀ ਹੈ। ਰਾਜਪਾਲ ਨੇ ਠੇਕੇਦਾਰ ਦੇ ਘਰ ਛਾਪੇਮਾਰੀ ਵੀ ਕਰਵਾਈ ਸੀ ਅਤੇ ਇਸੇ ਕਰਕੇ ਠੇਕੇਦਾਰ ਉਨ੍ਹਾਂ ਨਾਲ ਖਾਰ ਖਾਂਦਾ ਸੀ।

ਇਸ ਸਬੰਧੀ ਪਿੰਡ ਦੇ ਸਰਪੰਚ ਕਸ਼ਮੀਰੀ ਲਾਲ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਕਰਕੇ ਦੋ ਧਿਰਾਂ ਵਿੱਚ ਖ਼ੂਨੀ ਝੜਪ ਹੋਈ ਹੈ। ਉਨ੍ਹਾਂ ਕਿਹਾ ਕਿ ਠੇਕਾ ਬੰਦ ਕਰਵਾਉਣ ਲਈ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।