ਬੰਗਲੁਰੂ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਣਾ ਦੇ ਜਵਾਈ ਤੇ ਕੈਫੇ ਕੌਫ਼ੀ ਡੇਅ (CCD) ਦੇ ਮਾਲਕ ਵੀਜੀ ਸਿਧਾਰਥ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਸਿਧਾਰਥ ਸੋਮਵਾਰ ਤੋਂ ਲਾਪਤਾ ਸਨ। ਪੁਲਿਸ ਉਨ੍ਹਾਂ ਦੀ ਜਾਂ ਉਨ੍ਹਾਂ ਦੀ ਲਾਸ਼ ਦੀ ਤਲਾਸ਼ ਕਰ ਰਹੀ ਸੀ। 36 ਘੰਟਿਆਂ ਬਾਅਦ ਹੁਣ ਉਨ੍ਹਾਂ ਦੀ ਲਾਸ਼ ਮੈਂਗਲੁਰੂ ਦੇ ਨੇਤਰਾਵਤੀ ਤੋਂ ਬਰਾਮਦ ਹੋਈ। ਪਹਿਲਾਂ ਪੋਸਟਮਾਰਟਮ ਹੋਏਗਾ, ਫਿਰ ਲਾਸ਼ ਵਾਰਸਾਂ ਨੂੰ ਸੌਪੀ ਜਾਏਗੀ


ਕੱਲ੍ਹ ਪੁਲਿਸ ਨੇ ਨੇਤਰਾਵਤੀ ਨਦੀ ਕੋਲ ਸਿਧਾਰਥ ਦੀ ਤਲਾਸ਼ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਤਲਾਸ਼ ਲਈ 200 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ, ਗੋਤਾਖੋਰ ਤੇ 25 ਕਿਸ਼ਤੀਆਂ ਦੀ ਮਦਦ ਲਈ ਗਈ। ਸੋਮਵਾਰ ਨੂੰ ਸਿਧਾਰਥ ਆਪਣੀ ਕਾਰ ਤੋਂ ਬਿਜ਼ਨੈਸ ਟੂਰ ਲਈ ਚਿੱਕਮਗੁਲੁਰੂ ਗਏ ਸੀ। ਉੱਥੋਂ ਉਨ੍ਹਾਂ ਕੇਰਲ ਜਾਣਾ ਸੀ ਪਰ ਉਨ੍ਹਾਂ ਡ੍ਰਾਈਵਰ ਨੂੰ ਮੰਗਲੁਰੂ ਕੋਲ ਜੇਪੀਨਾ ਮੋਗਾਰੂ ਵਿੱਚ ਨੈਸ਼ਨਲ ਹਾਈਵੇ 'ਤੇ ਗੱਡੀ ਰੋਕਣ ਲਈ ਕਿਹਾ ਤੇ ਹੇਠਾਂ ਉੱਤਰ ਗਏ।

ਡ੍ਰਾਈਵਰ ਨੇ ਦੱਸਿਆ ਕਿ ਜਿਸ ਵੇਲੇ ਸਿਧਾਰਥ ਕਾਰ ਤੋਂ ਉੱਤਰੇ, ਉਸ ਵੇਲੇ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਸੀ। ਇਸ ਪਿੱਛੋਂ ਡ੍ਰਾਈਵਰ ਨੇ ਉਨ੍ਹਾਂ ਦੀ ਉਡੀਕ ਕੀਤੀ ਪਰ ਉਹ ਨਹੀਂ ਆਏ। ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਡ੍ਰਾਈਵਰ ਨੇ ਉਨ੍ਹਾਂ ਨੂੰ ਫੋਨ ਕੀਤਾ ਪਰ ਫੋਨ ਬੰਦ ਹੋ ਗਿਆ ਸੀ। ਡ੍ਰਾਈਵਰ ਨੇ ਤੁਰੰਤ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਦੱਸ ਦੇਈਏ ਜਿੱਥੋਂ ਸਿਧਾਰਥ ਲਾਪਤਾ ਹੋਏ ਸੀ, ਉਹ ਨੇਤਰਾਵਤੀ ਨਦੀ ਦੇ ਤਟ 'ਤੇ ਸਥਿਤ ਹੈ।

ਧਿਆਨ ਰਹੇ ਇਸ ਘਟਨਾ ਦੇ ਬਾਅਦ ਕੱਲ੍ਹ ਸਿਧਾਰਥ ਦੀ ਇੱਕ ਚਿੱਠੀ ਵੀ ਸਾਹਮਣੇ ਆਈ ਸੀ, ਜੋ ਉਨ੍ਹਾਂ ਆਪਣੀ ਕੰਪਨੀ ਦੇ ਨਿਰਦੇਸ਼ਕ ਮੰਡਲ ਨੂੰ ਲਿਖੀ ਸੀ। ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੁਨਾਫੇ ਵਾਲਾ ਕਾਰੋਬਾਰ ਤਿਆਰ ਕਰਨ ਵਿੱਚ ਨਾਕਾਮ ਰਹੇ। ਲੰਮੇ ਸਮੇਂ ਤਕ ਸੰਘਰਸ਼ ਕੀਤਾ ਪਰ ਮੈਂ ਹੁਣ ਹੋਰ ਦਬਾਅ ਨਹੀਂ ਝੱਲ ਸਕਦਾ। ਉਨ੍ਹਾਂ ਲਿਖਿਆ ਕਿ ਕਰਜ਼ਦਾਰਾਂ ਦੇ ਵਧਦੇ ਦਬਾਅ ਕਰਕੇ ਉਹ ਟੁੱਟ ਚੁੱਕੇ ਹਨ।

ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਸਾਰੀਆਂ ਗ਼ਲਤੀਆਂ ਤੇ ਸਾਰੇ ਵਿੱਤੀ ਲੈਣ-ਦੇਣ ਲਈ ਉਹ ਖ਼ੁਦ ਜ਼ਿੰਮੇਦਾਰ ਹਨ। ਉਨ੍ਹਾਂ ਦੀ ਟੀਮ ਆਡੀਟਰਸ ਤੇ ਸੀਨੀਅਰ ਮੈਨੇਜਮੈਂਟ ਨੂੰ ਉਨ੍ਹਾਂ ਦੇ ਲੈਣ-ਦੇਣ ਬਾਰੇ ਕੁਝ ਨਹੀਂ ਪਤਾ। ਕਾਨੂੰਨ ਸਿਰਫ ਉਨ੍ਹਾਂ ਨੂੰ ਹੀ ਜ਼ਿੰਮੇਦਾਰ ਠਹਿਰਾਏ। ਉਨ੍ਹਾਂ ਪਰਿਵਾਰ ਜਾਂ ਕਿਸੇ ਹੋਰ ਨੂੰ ਇਸ ਬਾਰੇ ਨਹੀਂ ਦੱਸਿਆ। ਸਿਧਾਰਥ ਦੀ ਚਿੱਠੀ ਤੋਂ ਸਾਫ ਹੈ ਕਿ ਉਹ ਕਾਰੋਬਾਰੀ ਨੁਕਸਾਨ ਤੋਂ ਕਾਫੀ ਪਰੇਸ਼ਾਨ ਸਨ।