ਬੰਗਲੁਰੂ: ਕਰਨਾਟਕ ਵਿੱਚ ਬੀਜੇਪੀ ਦੇ ਬੀਐਸ ਯੇਦਯੁਰੱਪਾ ਨੇ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ ਹੈ ਪਰ ਸਿਆਸੀ ਘਮਸਾਣ ਅਜੇ ਵੀ ਜਾਰੀ ਹੈ। ਕਾਂਗਰਸ ਸਹੁੰ ਦਾ ਵਿਰੋਧ ਕਰ ਰਹੀ ਹੈ। ਇਸ ਦੌਰਾਨ ਕਰਨਾਟਕ ਵਿੱਚ ਕਾਂਗਰਸ ਤੇ ਜੇਡੀਐਸ ਆਪਣੇ ਵਿਧਾਇਕਾਂ ਨੂੰ ਤੋੜਭੰਨ੍ਹ ਦੇ ਡਰ ਤੋਂ ਗ਼ਾਇਬ ਕਰਨ ਵਿੱਚ ਲੱਗੀ ਹੋਈ ਹੈ। ਹੁਣ ਵੇਖਣਾ ਇਹ ਹੈ ਕਿ ਮੁੱਖ ਮੰਤਰੀ ਯੇਦਯੁਰੱਪਾ ਬਹੁਮਤ ਕਿਵੇਂ ਸਾਬਤ ਕਰਦੇ ਹਨ।

 

 

ਜੇਡੀਐਸ ਦੇ ਮੁਖੀ ਕੁਮਾਰਸਵਾਮੀ ਨੇ ਕਿਹਾ ਕਿ ਹੌਰਸ ਟ੍ਰੇਡਿੰਗ ਤੋਂ ਬਚਾਉਣ ਲਈ ਵਿਧਾਇਕਾਂ ਨੂੰ ਦੂਜੀ ਜਗ੍ਹਾ ਭੇਜਿਆ ਗਿਆ ਹੈ। ਕਾਂਗਰਸ ਵਿਧਾਇਕ ਰਾਮਾਲਿੰਗ ਰੈਡੀ ਦਾ ਦਾਅਵਾ ਹੈ ਕਿ ਕਾਂਗਰਸ ਦੇ ਸਾਰੇ ਵਿਧਾਇਕ ਇਕੱਠੇ ਹਨ। ਸੂਤਰਾਂ ਮੁਤਾਬਕ ਕਾਂਗਰਸ ਦੇ ਚਾਰ ਵਿਧਾਇਕ ਬੀਜੇਪੀ ਦੇ ਸੰਪਰਕ ਵਿੱਚ ਹਨ। ਰੈਡੀ ਨੇ ਵਿਧਾਇਕਾਂ ਨੂੰ 100 ਕਰੋੜ ਰੁਪਏ ਦੇਣ ਦੇ ਆਫ਼ਰ ਦਾ ਵੀ ਇਲਜ਼ਾਮ ਲਾਇਆ ਹੈ।

 

ਕਰਨਾਟਕ ਦੇ ਸਿਆਸੀ ਵਿਵਾਦ ’ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਵੀਰਵਾਰ ਅੱਧੀ ਰਾਤ ਦੇ ਬਾਅਦ ਚੱਲੀ ਸਾਢੇ ਤਿੰਨ ਘੰਟਿਆਂ ਦੀ ਸੁਣਵਾਈ ਬਾਅਦ ਅਦਾਲਤ ਨੇ ਯੇਦਯੁਰੱਪਾ ਸਰਕਾਰ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ ਪਰ ਅਦਾਲਤ ਨੇ ਕਿਹਾ ਸੀ ਕਿ ਯੇਦਯੁਰੱਪਾ ਤੇ ਰਾਜਪਾਲ ਵਿਚਾਲੇ ਦੇ ਪੱਤਰ ਵਿਹਾਰ ਨੂੰ ਉਸ ਦੇ ਸਾਹਮਣੇ ਰੱਖਿਆ ਜਾਵੇ।

 

ਅਦਾਲਤ ਕਾਂਗਰਸ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬਹੁਮਤ ਦਾ ਅੰਕੜਾ ਉਨ੍ਹਾਂ ਕੋਲ ਹੋਣ ਦੇ ਬਾਵਜੂਦ ਰਾਜਪਾਲ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਬਹੁਮਤ ਤੋਂ ਘੱਟ ਵਿਧਾਇਕਾਂ ਦੇ ਸਮਰਥਨ ਵਾਲੇ ਬੀਜੇਪੀ ਆਗੂ ਯੇਦਯਰੱਪਾ ਨੂੰ ਸੱਦਾ ਦੇ ਦਿੱਤਾ।

 

ਯੇਦਯੁਰੱਪਾ ਦੇ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਉਹ ਮਹਿਜ਼ ਇੱਕ ਦਿਨ ਦੇ ਹੀ ਮੁੱਖ ਮੰਤਰੀ ਹਨ ਤੇ ਰਾਜਪਾਲ ਵੱਲੋਂ ‘ਸੰਵਿਧਾਨ ਦਾ ਐਂਕਾਊਂਟਰ’ ਕੀਤੇ ਜਾਣ ਦੇ ਵਿਰੋਧ ’ਚ ਅੱਜ ਪੂਰੇ ਦੇਸ਼ ਵਿੱਚ ਪ੍ਰਜਾਤੰਤਰ ਬਚਾਓ ਦਿਵਸ ਮਨਾਇਆ ਜਾਵੇਗਾ। ਕਾਂਗਰਸ ਵੱਲੋਂ ਅੱਜ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਤੇ ਜ਼ਿਲ੍ਹਾ ਦਫ਼ਤਰਾਂ ’ਤੇ ਧਰਨੇ ਕੀਤੇ ਜਾਣਗੇ।