ਨਵੀਂ ਦਿੱਲੀ: ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਸੂਬੇ ਕਰਨਾਟਕ ਵਿੱਚ ਸ਼ਨਿਚਰਵਾਰ ਨੂੰ ਵਿਧਾਨ ਸਭਾ ਦੀਆਂ 224 ਵਿੱਚੋਂ 222 ਸੀਟਾਂ 'ਤੇ ਅਮਨ-ਅਮਾਨ ਨਾਲ ਵੋਟਾਂ ਨੇਪਰੇ ਚੜ੍ਹ ਗਈਆਂ। ਇਨ੍ਹਾਂ ਸੀਟਾਂ 'ਤੇ 70 ਫ਼ੀ ਸਦੀ ਮੱਤਦਾਨ ਦਰਜ ਕੀਤਾ ਗਿਆ ਹੈ ਪਰ ਐਗ਼ਜ਼ਿਟ ਪੋਲ ਦੇ ਨਤੀਜੇ ਕਾਂਗਰਸ ਦੇ ਭਾਜਪਾ ਦੋਵਾਂ ਲਈ ਸੁਖਾਵੇਂ ਨਹੀਂ ਹਨ।


 

ਨਤੀਜਿਆਂ ਮੁਤਾਬਕ ਸੱਤਾਧਾਰੀ ਕਾਂਗਰਸ ਤੇ ਮੁੱਖ ਵਿਰੋਧੀ ਧਿਰ ਭਾਜਪਾ ਵਿੱਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲ ਰਿਹਾ ਪਰ ਇਸ ਹਾਲਾਤ ਵਿੱਚ ਸਰਕਾਰ ਬਣਾਉਣ ਦਾ ਪੂਰਾ ਦਾਰੋਮਦਾਰ ਜਨਤਾ ਦਲ (ਸੈਕੁਲਰ) 'ਤੇ ਟਿਕਿਆ ਹੋ ਸਕਦਾ ਹੈ।

ਪਿਛਲੀ ਵਾਰ 2013 ਵਿੱਚ 71.4 ਫ਼ੀ ਸਦ ਮੱਤਦਾਨ ਹੋਇਆ ਸੀ। ਇਸ ਵਾਰ ਦੋ ਸੀਟਾਂ ਲਈ ਮਤਦਾਨ ਰੱਦ ਕਰ ਦਿੱਤਾ ਗਿਆ ਸੀ। ਵੋਟਾਂ ਦੀ ਗਿਣਤੀ 15 ਮਈ ਨੂੰ ਕੀਤੀ ਜਾਵੇਗੀ। ਇਸੇ ਦੌਰਾਨ ਅੱਜ ਸੂਬੇ ਵਿੱਚ ਪਈਆਂ ਵੋਟਾਂ ਦੌਰਾਨ ਕੁਝ ਥਾਵਾਂ ਤੋਂ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ ਤੇ ਕੁਝ ਥਾਵਾਂ ਉਤੇ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਵਿੱਚ ਮਮੂਲੀ ਝੜਪਾਂ ਹੋਈਆਂ ਹਨ। ਦੋਵਾਂ ਪਾਰਟੀਆਂ ਨੇ ਇੱਕ ਦੂਜੇ ਵਿਰੁੱਧ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਲਾਏ ਹਨ।

ਸੱਤ ਐਗਜ਼ਿੱਟ ਪੋਲਜ਼ ਵਿੱਚੋਂ ਪੰਜ ਨੇ ਭਾਜਪਾ ਤੇ ਦੋ ਨੇ ਕਾਂਗਰਸ ਨੂੰ ਅੱਗੇ ਰੱਖਿਆ ਹੈ, ਪਰ ਕੋਈ ਵੀ ਧਿਰ 113 ਸੀਟਾਂ ਦੇ ਨੇੜੇ ਢੁੱਕਦੀ ਨਹੀਂ ਜਾਪਦੀ। ਏਬਪੀ-ਸੀ ਵੋਟਰ ਤੇ ਰਿਪਬਲਿਕ ਟੀਵੀ-ਜਨ ਕੀ ਬਾਤ ਮੁਤਾਬਕ ਭਾਜਪਾ ਕ੍ਰਮਵਾਰ 95-114 ਤੇ 97-109 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ। ਇਨ੍ਹਾਂ ਚੈਨਲਾਂ ਨੇ ਕ੍ਰਮਵਾਰ ਕਾਂਗਰਸ ਨੂੰ 73-82 ਅਤੇ 87-99 ਸੀਟਾਂ ਦਿੱਤੀਆਂ ਹਨ, ਐਚਡੀ ਦੇਵੇਗੌੜਾ ਦੀ ਪਾਰਟੀ ਜਨਤਾ ਦਲ ਸੈਕੁਲਰ ਨੂੰ ਕ੍ਰਮਵਾਰ 32-43 ਤੇ 21-30 ਸੀਟਾਂ ਦਿੱਤੀਆਂ ਹਨ। ਸਰਕਾਰ ਬਣਾਉਣ ਲਈ 113 ਵਿਧਾਇਕਾਂ ਦੀ ਹਮਾਇਤ ਦਰਕਾਰ ਹੋਵੇਗੀ।

ਟਾਈਮਜ਼ ਨਾਓ-ਵੀਐਮਆਰ ਤੇ ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਕ੍ਰਮਵਾਰ 90-103 ਤੇ 106-118 ਸੀਟਾਂ ਜਿੱਤ ਕੇ ਸਰਕਾਰ ਬਚਾਉਣ ਦੀ ਸਥਿਤੀ ’ਚ ਹੋਵੇਗੀ ਜਦਕਿ ਭਾਜਪਾ ਨੂੰ ਕ੍ਰਮਵਾਰ 80-93 ਤੇ 79-82 ਸੀਟਾਂ ਮਿਲਣਗੀਆਂ। ਇਨ੍ਹਾਂ ਚੈਨਲਾਂ ਮੁਤਾਬਕ ਜਨਤਾ ਦਲ ਐਸ ਨੂੰ ਕ੍ਰਮਵਾਰ 31-39 ਅਤੇ 22-30 ਸੀਟਾਂ ਆਉਣਗੀਆਂ। ਨਿਊਜ਼ ਐਕਸ ਦੀ ਪੇਸ਼ੀਨਗੋਈ ਮੁਤਾਬਕ ਭਾਜਪਾ ਨੂੰ 102-110, ਕਾਂਗਰਸ 72-78 ਤੇ ਜਨਤਾ ਦਲ ਐਸ 35-39 ਸੀਟਾਂ ਹਾਸਲ ਹੋਣਗੀਆਂ।

2013 ਦੀਆਂ ਚੋਣਾਂ ਵਿੱਚ ਕਾਂਗਰਸ ਨੇ 122 ਸੀਟਾਂ ਜਿੱਤੀਆਂ ਸਨ ਤੇ ਭਾਜਪਾ ਤੇ ਜਨਤਾ ਦਲ ਐਸ 40-40 ਸੀਟਾਂ ਨਾਲ ਸਾਂਝੇ ਤੌਰ ’ਤੇ ਬਰਾਬਰ ਰਹੀਆਂ ਸਨ। ਇਸ ਵਾਰ 2600 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ’ਚੋਂ 2400 ਪੁਰਸ਼ ਤੇ 200 ਔਰਤਾਂ ਸਨ। ਕਰਨਾਟਕ ਵਿੱਚ ਲਗਪਗ 4.96 ਕਰੋੜ ਯੋਗ ਵੋਟਰ ਹਨ। ਚੋਣ ਅਧਿਕਾਰੀਆਂ ਨੇ ਚੋਣ ਪ੍ਰਚਾਰ ਦੌਰਾਨ 94.66 ਕਰੋੜ ਰੁਪਏ ਦੀ ਨਕਦੀ ਤੇ 24.78 ਕਰੋੜ ਰੁਪਏ ਦੀ ਸ਼ਰਾਬ ਫੜੀ ਹੈ।