ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ
ਏਬੀਪੀ ਸਾਂਝਾ | 11 Jan 2018 06:36 PM (IST)
ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ ਅਸੀਂ ਤੁਹਾਨੂੰ ਅਜਿਹੀ ਮਹਿਲਾ ਡਾਕਟਰ ਬਾਰੇ ਦੱਸ ਰਹੇ ਹਾਂ ਜੋ ਆਪਣੇ ਕਾਰਨਾਮੇ ਨਾਲ ਵੱਖਰਾ ਸੰਦੇਸ਼ ਲੈ ਕੇ ਤੁਰੀ ਹੈ। ਡਾ. ਸ਼ਰਮੀਨ ਮੁਸ਼ਤਾਕ ਪਹਿਲੀ ਕਸ਼ਮੀਰੀ ਮਹਿਲਾ ਹੈ ਜੋ ਗੁਲਮਰਗ ਵਿੱਚ ਹੋਣ ਵਾਲੀ ਸਨੋਅ ਰੈਲੀ ਵਿੱਚ ਹਿੱਸਾ ਲਵੇਗੀ। ਡਾ. ਮੁਸ਼ਤਾਕ ਦਾ ਸੰਦੇਸ਼ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ। ਦੋ ਦਿਨ ਦੀ ਇਸ ਕਾਰ ਰੇਸਿੰਗ ਵਿੱਚ ਉਹ ਮਰਦਾਂ ਨੂੰ ਸਖ਼ਤ ਟੱਕਰ ਦੇਣ ਜਾ ਰਹੀ ਹੈ। ਡਾ. ਸ਼ਰਮੀਨ ਦਾ ਇਸ ਬਾਰੇ ਕਹਿਣਾ ਹੈ ਕਿ ਉਹ ਇਸ ਮੁਕਾਬਲੇ ਬਾਰੇ ਕਾਫੀ ਰੋਮਾਂਚਿਤ ਹੈ। ਇਸ ਫੈਸਲੇ ਦਾ ਉਸ ਦੇ ਮਾਪਿਆਂ, ਭਰਾਵਾਂ ਤੇ ਦੋਵੇਂ ਬੱਚਿਆਂ ਨੇ ਸਾਥ ਦਿੱਤਾ ਹੈ। ਡਾ. ਸ਼ਰਮੀਨ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰ ਮੌਜੂਦ ਹਰ ਤਰ੍ਹਾਂ ਦੇ ਹੁਨਰ ਨੂੰ ਸਹੀ ਤਰੀਕੇ ਨਾਲ ਵਰਤਣਾ ਚਾਹੁੰਦੀ ਹੈ। ਸ਼ਰਮੀਨ ਅੱਗੇ ਕਹਿੰਦੀ ਹੈ ਕਿ ਇਸ ਰੇਸ ਵਿੱਚ ਕਸ਼ਮੀਰ ਤੋਂ ਵੱਧ ਤੋਂ ਵੱਧ ਔਰਤਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਸਨੋਅ ਰੇਸਿੰਗ 20 ਜਨਵਰੀ ਨੂੰ ਸ਼ੁਰੂ ਹੋਵੇਗੀ। ਇਸ ਵਿੱਚ ਤਕਰੀਬਨ 50 ਡ੍ਰਾਈਵਰ ਹਿੱਸਾ ਲੈ ਸਕਦੇ ਹਨ। ਗੁਰਮਰਗ ਦੀ ਸੜਕ ਮਨਫੀ ਤਾਪਮਾਨ ਵਿੱਚ ਕਾਫੀ ਤਿਲ੍ਹਕਣ ਵਾਲੀ ਹੋ ਜਾਂਦੀ ਹੈ। 10,000 ਫੁੱਟ ਦੀ ਉਚਾਈ 'ਤੇ ਤਾਪਮਾਨ ਸਿਫਰ ਤੋਂ 10 ਤੋਂ 15 ਡਿਗਰੀ ਹੇਠਾਂ ਹੁੰਦਾ ਹੈ। ਇਹ ਰੇਸ ਮਿੱਥੇ ਸਮੇਂ ਦੀ ਹੁੰਦੀ ਹੈ ਤੇ ਰੇਸ ਦਾ ਟ੍ਰੈਕ 1.25 ਕਿਲੋਮੀਟਰ ਦਾ ਹੈ।