ਫਰੀਦਾਬਾਦ: ਪ੍ਰਾਈਵੇਟ ਹਸਪਤਾਲ 'ਤੇ ਤੇਜ਼ ਬੁਖਾਰ ਦੀ ਗਰਭਵਤੀ ਮਰੀਜ਼ ਤੇ ਉਸ ਦੇ ਬੱਚੇ ਦੀ ਮੌਤ ਤੋਂ ਬਾਅਦ 18 ਲੱਖ ਰੁਪਏ ਦਾ ਬਿੱਲ ਬਣਾ ਦੇਣ ਦਾ ਇਲਜ਼ਾਮ ਹੈ। ਏਸ਼ੀਅਨ ਹਸਪਤਾਲ ਨੇ 22 ਦਿਨ ਗਰਭਵਤੀ ਔਰਤ ਦਾ ਇਲਾਜ ਕੀਤਾ, ਪਰ ਨਾ ਹੀ ਉਹ ਮਰੀਜ਼ ਨੂੰ ਬਚਾ ਸਕੇ ਤੇ ਨਾ ਹੀ ਉਸ ਦੇ ਪੇਟ 'ਚ ਪਲ ਰਹੇ 7 ਮਹੀਨਿਆਂ ਦੇ ਬੱਚੇ ਨੂੰ ਬਚਾ ਸਕੇ। ਮਰੀਜ਼ ਦੇ ਪਿਤਾ ਨੇ ਇਲਜ਼ਾਮ ਲਾਏ ਕਿ ਹਸਪਤਾਲ ਲਗਾਤਾਰ ਪੈਸੇ ਜਮ੍ਹਾਂ ਕਰਵਾਉਂਦਾ ਰਿਹਾ ਪਰ ਜਿਸ ਦਿਨ ਹੋਰ ਪੈਸੇ ਜਮ੍ਹਾਂ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ, ਉਸੇ ਦਿਨ ਹਸਪਤਾਲ ਨੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ।


ਫਰੀਦਾਬਾਦ ਦੇ ਪਿੰਡ ਨਚੌਲੀ ਦੇ ਰਹਿਣ ਵਾਲੇ ਸੀਤਾਰਾਮ ਨੇ ਦੱਸਿਆ ਕਿ 13 ਦਸੰਬਰ, 2017 ਨੂੰ ਉਨ੍ਹਾਂ ਦੀ 20 ਸਾਲਾ ਧੀ ਸ਼ਵੇਤਾ ਨੂੰ ਏਸ਼ੀਅਨ ਹਸਪਤਾਲ ਵਿੱਚ ਤੇਜ਼ ਬੁਖਾਰ ਹੋਣ ਕਰਕੇ ਦਾਖਲ ਕਰਵਾਇਆ ਗਿਆ। ਤਿੰਨ-ਚਾਰ ਦਿਨਾਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਸ਼ਵੇਤਾ ਦੇ ਪੇਟ 'ਚ ਬੱਚੇ ਦੀ ਮੌਤ ਹੋ ਗਈ ਹੈ ਤੇ ਤੁਰੰਤ ਆਪ੍ਰੇਸ਼ਨ ਕਰਨਾ ਹੋਵੇਗਾ। ਡਾਕਟਰਾਂ ਨੇ ਸ਼ੁਰੂ ਵਿੱਚ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ।



ਸੀਤਾਰਾਮ ਨੇ ਇਲਜ਼ਾਮ ਲਾਇਆ ਕਿ ਡਾਕਟਰਾਂ ਨੇ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਹੋਣ ਪਹਿਲਾਂ ਆਪ੍ਰੇਸ਼ਨ ਸ਼ੁਰੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੈਸਿਆਂ ਦਾ ਇੰਤਜ਼ਾਮ ਹੋਇਆ, ਉਦੋਂ ਤਕ ਸ਼ਵੇਤਾ ਦੇ ਪੇਟ ਵਿੱਚ ਇਨਫੈਕਸ਼ਨ ਫੈਲ ਗਿਆ ਤੇ ਉਸ ਦੇ ਗਰਭ ਵਿੱਚ ਪਲ ਰਹੀ 7 ਮਹੀਨਿਆਂ ਦੀ ਬੱਚੀ ਮ੍ਰਿਤ ਪਾਈ ਗਈ।

ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਧੀ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਆਈ.ਸੀ.ਯੂ. ਵਿੱਚ ਭੇਜ ਦਿੱਤਾ ਗਿਆ। ਸੀਤਾਰਾਮ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਆਪਣੀ ਬਿਮਾਰ ਧੀ ਨਾਲ ਮਿਲਣ ਹੀ ਨਹੀਂ ਦਿੱਤਾ ਗਿਆ। 5 ਜਨਵਰੀ ਨੂੰ ਜਦੋਂ ਉਹ ਸ਼ਵੇਤਾ ਨੂੰ ਵੇਖਣ ਗਏ ਤਾਂ ਉਹ ਬੇਹੋਸ਼ ਪਈ ਸੀ। ਹਸਪਤਾਲ ਨੇ ਸੀਤਾਰਾਮ ਨੂੰ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਮਨ੍ਹਾ ਕਰ ਦਿੱਤਾ। ਸੀਤਾਰਾਮ ਮੁਤਾਬਕ ਇਸ ਤੋਂ ਥੋੜ੍ਹੇ ਸਮੇਂ ਬਾਅਦ ਹਸਪਤਾਲ ਨੇ ਸ਼ਵੇਤਾ ਨੂੰ ਮ੍ਰਿਤ ਐਲਾਨ ਦਿੱਤਾ।

ਸੀਤਾਰਾਮ ਹਸਪਤਾਲ ਦੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ ਤੇ ਉਨ੍ਹਾਂ ਹਸਪਤਾਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ।