ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਬਜਟ ਤੋਂ ਪਹਿਲਾਂ ਆਪਣੀਆਂ ਕਾਰਾਂ ਦੇ ਮੁੱਲ ਵਿੱਚ 1700 ਰੁਪਏ ਤੋਂ ਲੈ ਕੇ 17 ਹਾਜ਼ਰ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਓਧਰ ਹੌਂਡਾ ਕਾਰਸ ਇੰਡੀਆ ਨੇ ਵੀ ਕਈ ਮਾਡਲਾਂ ਦੇ ਮੁੱਲ ਵਿੱਚ ਵਾਧਾ ਕੀਤਾ ਹੈ।


ਮਾਰੂਤੀ ਸੁਜ਼ੂਕੀ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਸ ਨੇ ਵੱਖ-ਵੱਖ ਮਾਡਲਾਂ ਦੇ ਰੇਟ 1700 ਰੁਪਏ ਤੋਂ 17 ਹਾਜ਼ਰ ਰੁਪਏ ਤੱਕ ਵਧਾਏ ਹਨ। ਵਸਤੂਆਂ ਦੇ ਰੇਟ ਵਧਣ ਤੇ ਵੰਡ ਖਰਚੇ ਵਿੱਚ ਇਜ਼ਾਫਾ ਹੋਣ ਕਰਕੇ ਇਹ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ।

ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਜਨਵਰੀ ਤੋਂ ਆਪਣੇ ਮਾਡਲਾਂ ਦੇ ਮੁੱਲ ਵਧਾਉਣ ਵਾਲੀ ਹੈ। ਇਸ ਦੇ ਨਾਲ ਹੀ ਹੌਂਡਾ ਕਾਰਸ ਇੰਡੀਆ ਨੇ ਵੀ ਲਾਗਤ ਖਰਚ ਵਿੱਚ ਵਾਧਾ ਹੋਣ ਕਰਕੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 32 ਹਾਜ਼ਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਹੌਂਡਾ ਕਾਰਸ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ 8 ਜਨਵਰੀ ਤੋਂ ਸਾਰੇ ਮਾਡਲਾਂ ਦੇ ਰੇਟ ਵਧਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਡਲਾਂ ਦੇ ਅਧਾਰ 'ਤੇ ਕੀਮਤ ਵਿੱਚ 6 ਹਾਜ਼ਰ ਰੁਪਏ ਤੋਂ ਲੈ ਕੇ 32 ਹਾਜ਼ਰ ਰੁਪਏ ਦਾ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ 1 ਜਨਵਰੀ ਤੋਂ 25 ਹਾਜ਼ਰ ਰੁਪਏ ਤੱਕ ਵਧਾ ਦਿੱਤੀਆਂ ਸਨ। ਫੋਰਡ ਇੰਡੀਆ ਨੇ ਵੀ ਕਿਹਾ ਸੀ ਕਿ ਉਸ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਚਾਰ ਫੀਸਦੀ ਤੱਕ ਵਧਾ ਦਿੱਤੀਆਂ ਹਨ। ਹੂੰਡਾਈ ਮੋਟਰ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਸਕੌਡਾ, ਇਸੁਜ਼ੂ ਤੇ ਰੈਨੋ ਵਰਗੀਆਂ ਕੰਪਨੀਆਂ ਨੇ ਵੀ ਇਸ ਮਹੀਨੇ ਤੋਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।