ਪਠਾਨਕੋਟ: ਭਲਕੇ ਯਾਨੀ 10 ਜੂਨ ਨੂੰ ਪਠਾਨਕੋਟ ਦੀ ਅਦਾਲਤ ਜੰਮੂ ਕਸ਼ਮੀਰ ਦੀ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫੈਸਲਾ ਸੁਣਾਵੇਗੀ। ਕੇਸ ਦੀ ਪੈਰਵੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਚੱਲੀ ਅਤੇ ਤਕਰੀਬਨ ਸਵਾ ਸਾਲ ਮਗਰੋਂ ਸੋਮਵਾਰ ਸਵੇਰੇ 10 ਕੁ ਵਜੇ ਇਸ ਦਾ ਨਿਬੇੜਾ ਹੋਣਾ ਹੈ।


ਬੀਤੇ ਸਾਲ 10 ਜਨਵਰੀ ਨੂੰ ਕਠੂਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀ ਬੱਚੀ ਨਾਲ ਮੰਦਰ ਵਿੱਚ ਕਥਿਤ ਤੌਰ 'ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨ ਤਕ ਬੇਹੋਸ਼ ਰੱਖਿਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਲ੍ਹਾ ਸੈਸ਼ਨ ਜੱਜ ਨੇ ਅੱਠ ਮੁਲਜ਼ਮਾਂ ਵਿੱਚੋਂ ਸੱਤ ਖ਼ਿਲਾਫ਼ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਹੇਠ ਮੁਕੱਦਮੇ ਦੀ ਸੁਣਵਾਈ ਕੀਤੀ ਹੈ। ਪਹਿਲਾਂ ਕਠੂਆ ਵਿੱਚ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ, ਪਰ ਫਿਰ ਹਾਲਾਤ ਵਿਗੜਦੇ ਦੇਖ ਸੁਪਰੀਮ ਕੋਰਟ ਨੇ ਮਾਮਲਾ ਪਠਾਨਕੋਟ ਅਦਾਲਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਨਾਬਾਲਗ ਖ਼ਿਲਾਫ ਹਾਲੇ ਕੇਸ ਸ਼ੁਰੂ ਨਹੀਂ ਹੋਇਆ। ਇਸ ਮਾਮਲੇ ਨੇ ਵੱਡਾ ਸਿਆਸੀ ਭੂਚਾਲ ਲਿਆਂਦਾ ਸੀ। ਇਸ ਵਿੱਚ ਭਾਜਪਾ ਦੇ ਦੋ ਮੰਤਰੀ ਚੌਧਰੀ ਲਾਲ ਸਿੰਘ ਸਾਬਕਾ ਜੰਗਲਾਤ ਮੰਤਰੀ ਅਤੇ ਚੰਦਰ ਪ੍ਰਕਾਸ਼ ਗੰਗਾ ਸਾਬਕਾ ਉਦਯੋਗ ਮੰਤਰੀ ਨੂੰ ਆਪਣਾ ਅਹੁਦਾ ਗਵਾਉਣਾ ਪਿਆ ਸੀ। ਜੇਕਰ ਮੁਲਜ਼ਮਾਂ ਨੂੰ ਦੋਸ਼ੀ ਐਲਾਨਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਘੱਟੋ-ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ।