ਦਿੱਲੀ ਦੇ 'ਹੱਕ' ਲਈ ਕੇਜਰੀਵਾਲ ਕਰਨ ਲੱਗੇ ਲੋਕਾਂ ਨੂੰ ਲਾਮਬੰਦ
ਏਬੀਪੀ ਸਾਂਝਾ | 01 Jul 2018 04:51 PM (IST)
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਵਸਨੀਕਾਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕੌਮੀ ਰਾਜਧਾਨੀ ਨੂੰ ਪੂਰਨ ਤੌਰ ’ਤੇ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦਿੱਲੀ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਲੜਨ ਦੀ ਵੀ ਅਪੀਲ ਕੀਤੀ। ਕੇਜਰੀਵਾਲ ਨੇ ਅਜਿਹੇ ਸਮੇਂ ਇਹ ਖੁੱਲੀ ਚਿੱਠੀ ਲਿਖੀ ਹੈ ਜਦੋਂ ਉਹ ਕੱਲ੍ਹ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ‘ਆਪ’ ਵਰਕਰਾਂ ਨੂੰ ਸੰਬੋਧਨ ਕਰਨ ਵਾਲੇ ਹਨ। ਵਿਧਾਨ ਸਭਾ ਵਿੱਚ ਆਪਣੀ ਸਰਕਾਰ ਵੱਲੋਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦਾ ਪ੍ਰਸਤਾਵ ਸਵੀਕਾਰ ਕਰ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੋਵਾਂ ਨੇ ਦਿੱਲੀ ਨੂੰ ‘ਠੱਗਿਆ’ ਹੈ। ‘ਆਪ’ ਵੱਲੋਂ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ’ਤੇ ਪਾਈ ਚਿੱਠੀ ਵਿੱਚ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਰਾਰਟੀਆਂ ਆਪਣੇ ਘੋਸ਼ਣਾਪੱਤਰ ਵਿੱਚ ਵਾਅਦੇ ਕਰਦੀਆਂ ਹਨ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਵਾਂਗੇ, ਪਰ ਪਿਛਲੇ 20 ਸਾਲਾਂ ਤੋਂ ਕਿਸੇ ਨੇ ਵੀ ਇਸ ਮੁੱਦੇ ’ਤੇ ਕੁਝ ਨਹੀਂ ਕੀਤਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਿੱਲੀ ਦੇ ਲੋਕਾਂ ਦਾ ਸੋਸ਼ਣ ਕਰ ਰਹੀ ਹੈ, ਉਸ ਤਰ੍ਹਾਂ ਤਾਂ ਅੰਗਰੇਜ਼ਾਂ ਨੇ ਵੀ ਉਨ੍ਹਾਂ ਦਾ ਸੋਸ਼ਣ ਨਹੀਂ ਕੀਤਾ ਸੀ। ਕੇਜਰੀਵਾਲ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਹਿਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਨੌਕਰੀਆਂ ਵਿੱਚ ਨੌਜਵਾਨ ਲਈ 80 ਫ਼ੀ ਸਦੀ ਰਾਖਵਾਂਕਰਨ ਯਕੀਨੀ ਹੋ ਸਕੇਗਾ। ਪੁਲਿਸ ਵੀ ਦੱਲੀ ਸਰਕਾਰ ਦੇ ਅਧੀਨ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਇੱਕ ਸਰਕਾਰ ਚੁਣਨ ਦੇ ਬਾਵਜੂਦ ਉਪ ਰਾਜਪਾਲ ਦਿੱਲੀ ਵਾਸੀਆਂ ਦੀ ਭਲਾਈ ਨਾਲ ਸਬੰਧਿਤ ਮੁੱਦਿਆਂ ’ਤੇ ਫੈਸਲੇ ਕਰਦੇ ਹਨ। ਉਨਾਂ ਦੀ ਸਰਕਾਰ ਕੋਲ ਕੋਈ ਤਾਕਤ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਦਿੱਲੀ ਵਾਸੀਆਂ ਦੇ ਵੋਟ ਦੀ ਕੀਮਤ ‘ਜ਼ੀਰੋ’ ਹੈ। ਇਹ ਦਿੱਲੀ ਵਾਸੀਆਂ ਦੀ ਬੇਇੱਜ਼ਤੀ ਹੈ।