ਨਵੀਂ ਦਿੱਲੀ: ਨੋਟਬੰਦੀ ਕਾਰਨ ਮੋਦੀ ਸਰਕਾਰ ਨੂੰ ਵਿਰੋਧੀ ਪਾਰਟੀਆਂ ਲਗਾਤਾਰ ਘੇਰ ਰਹੀਆਂ ਹਨ। ਇਸ ਮੁੱਦੇ ਨੂੰ ਲੈ ਕੇ ਸੰਸਦ ਦੇ ਅੰਦਰ-ਬਾਹਰ ਸੰਗਰਾਮ ਜਾਰੀ ਹੈ। ਦੂਜੇ ਪਾਸੇ ਦਿੱਲੀ ਦੀ ਅਜ਼ਾਦਪੁਰ ਮੰਡੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਘੇਰਿਆ। ਮਮਤਾ ਬੈਨਰਜੀ ਨੇ ਮੋਦੀ ਸਰਕਾਰ ਨੂੰ ਨੋਟਬੰਦੀ ਦਾ ਫ਼ੈਸਲਾ ਤਿੰਨ ਦਿਨ ਵਿੱਚ ਵਾਪਸ ਲੈਣ ਦੀ ਮੰਗ ਕੀਤੀ।

ਮਮਤਾ ਬੈਨਰਜੀ ਨੇ ਆਖਿਆ ਕਿ ਲੋਕਾਂ ਨੂੰ ਖੀਣ-ਪੀਣ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਤਾਂ ਕr ਉਹ ATM's ਤੇ ਡਾਇਮੰਡ ਖਾਣਗੇ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਨੋਟਬੰਦੀ ਦੀ ਆੜ ਵਿੱਚ ਸਰਕਾਰ ਭ੍ਰਿਸ਼ਟਾਚਾਰ ਕਰ ਰਹੀ ਹੈ। ਕੇਜਰੀਵਾਲ ਅਨੁਸਾਰ ਨੋਟਬੰਦੀ ਦੀ ਆੜ ਵਿੱਚ ਅੱਠ ਲੱਖ ਕਰੋੜ ਦਾ ਘੁਟਾਲੇ ਹੋਇਆ ਹੈ। ਉਨ੍ਹਾਂ ਆਖਿਆ ਕਿ ਦੋ ਹਜ਼ਾਰ ਦਾ ਨੋਟ ਆਉਣ ਨਾਲ ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਹੋਵੇਗਾ।

ਕੇਜਰੀਵਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਦਯੋਗਪਤੀ ਵਿਜੇ ਮਾਲਿਆ ਨੂੰ ਵਿਦੇਸ਼ ਭੇਜਿਆ। ਕੇਜਰੀਵਾਲ ਨੇ ਨੋਟਬੰਦੀ ਉੱਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਬੈਂਕਾਂ ਦੇ ਬਾਹਰ ਸਿਰਫ਼ ਆਮ ਲੋਕ ਖੜ੍ਹੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਵੱਡਾ ਵਿਅਕਤੀ ਨਹੀਂ। ਉਨ੍ਹਾਂ ਆਖਿਆ ਕਿ ਨੋਟਬੰਦੀ ਦੇ ਚੱਲਦੇ ਹੋਏ ਕਾਲ਼ੇ ਧੰਨ ਨੂੰ ਸਫ਼ੇਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਆਖਿਆ ਕਿ ਜਨਤਾ ਆਪਣੀ ਕਮਾਈ ਬੈਂਕਾਂ ਵਿੱਚ ਜਮ੍ਹਾਂ ਕਰ ਰਹੀ ਹੈ ਤੇ ਸਰਕਾਰ ਉਦਯੋਗਪਤੀਆਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਨੋਟਬੰਦੀ ਤੋਂ ਆਮ ਲੋਕਾਂ ਨੂੰ ਕੁਝ ਵੀ ਨਹੀਂ ਮਿਲਣ ਵਾਲਾ।