ਦਿੱਲੀ ਕਾਂਗਰਸ ਦੇ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਗਠਜੋੜ ਸਬੰਧੀ ਸੰਪਰਕ ਨਹੀਂ ਕੀਤਾ ਹੈ। ਇਸ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਸ਼ੀਲਾ ਦੀਕਸ਼ਿਤ ਮਹੱਤਵਪੂਰਨ ਨੇਤਾ ਨਹੀਂ ਹੈ।
ਕੇਜਰੀਵਾਲ ਕਈ ਮੌਕਿਆਂ 'ਤੇ ਕਾਂਗਰਸ ਨਾਲ ਗਠਜੋੜ ਦੀ ਅਪੀਲ ਕਰ ਚੁੱਕੇ ਹਨ। ਉੱਥੇ ਕਾਂਗਰਸ ਵੀ ਗਠਜੋੜ ਦੇ ਮਾਮਲੇ 'ਤੇ ਧੜਿਆਂ ਵਿੱਚ ਵੰਡੀ ਹੋਈ ਦਿਖਾਈ ਦੇ ਰਹੀ ਹੈ। ਸ਼ੀਲਾ ਦੀਕਸ਼ਿਤ ਗਠਜੋੜ ਦਾ ਵਿਰੋਧ ਕਰ ਰਹੀ ਹੈ, ਉੱਥੇ ਹੀ ਅਜੈ ਮਾਕਨ, ਪੀਸੀ ਚਾਕੋ ਸਮੇਤ ਕਈ ਨੇਤਾਵਾਂ ਨੇ ਗਠਜੋੜ ਦੀ ਅਪੀਲ ਕੀਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਕਾਂਗਰਸੀ ਲੀਡਰਸ਼ਿਪ ਤੇ 'ਆਪ' ਪਾਰਟੀ ਦਰਮਿਆਨ ਗਠਜੋੜ ਬਾਰੇ ਗੱਲਬਾਤ ਦਾ ਦੌਰ ਹਾਲੇ ਜਾਰੀ ਹੈ। ਗਠਜੋੜ ਵਿੱਚ 'ਆਪ' ਪੰਜਾਬ ਤੇ ਹਰਿਆਣਾ ਵਿੱਚ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ, ਜਿਸ ਲਈ ਕਾਂਗਰਸ ਤਿਆਰ ਨਹੀਂ ਹੈ। ਉੱਥੇ ਹੀ ਦਿੱਲੀ ਵਿੱਚ 'ਆਪ' 2-3 ਸੀਟਾਂ ਕਾਂਗਰਸ ਨੂੰ ਦੇਣਾ ਚਾਹੁੰਦੀ ਹੈ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ 'ਆਪ' ਨੂੰ ਦਿੱਲੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ ਨੇ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਚੋਣਾਂ ਬਾਰੇ ਜਿੰਨੇ ਵੀ ਸਰਵੇਖਣ ਆਏ ਹਨ, ਸਾਰੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜੇਕਰ 'ਆਪ' ਤੇ ਕਾਂਗਰਸ ਦਿੱਲੀ ਵਿੱਚ ਮਿਲ ਕੇ ਚੋਣ ਲੜਦੇ ਹਨ ਤਾਂ ਕੁਝ ਹਾਸਲ ਕਰ ਸਕਦੇ ਹਨ ਨਹੀਂ ਭਾਜਪਾ 2014 ਵਾਲਾ ਇਤਿਹਾਸ ਦੁਹਰਾਏਗੀ।