ਕੋਲੱਮ: ਕੇਰਲ ਵਿੱਚ ਪਤੀ ਤੇ ਸੱਸ ਨੇ ਕਥਿਤ ਤੌਰ 'ਤੇ ਦਾਜ ਦੀ ਮੰਗ ਨੂੰ ਲੈ ਕੇ ਕੁੜੀ ਨੂੰ ਭੁੱਖਿਆਂ ਰੱਖਿਆ ਜਿਸ ਕਰਕੇ 27 ਸਾਲਾ ਕੁੜੀ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਮਹਿਲਾ ਚਾਵਲ ਦੇ ਚੀਨੀ ਘੋਲ ਸਿਰ ਹੀ ਜਿਉਂਦੀ ਸੀ। ਮਰਨ ਵੇਲੇ ਉਸ ਦਾ ਵਜ਼ਨ ਮਹਿਜ਼ 20 ਕਿੱਲੋ ਰਹਿ ਗਿਆ ਸੀ।
ਪੁਲਿਸ ਨੇ ਪੋਸਟ ਮਾਰਟਮ ਰਿਪੋਰਟ ਤੇ ਗੁਆਂਢੀਆਂ ਦੇ ਹਵਾਲੇ ਨਾਲ ਦੱਸਿਆ ਕਿ ਕੋਲੱਮ ਦੇ ਨਜ਼ਦੀਕ ਕਰੁਨਾਗਾਪੱਲੀ ਨਿਵਾਸੀ ਤੁਸ਼ਾਰਾ ਨੂੰ ਕਈ ਦਿਨਾਂ ਤਕ ਲੋੜੀਂਦਾ ਖਾਣਾ ਨਹੀਂ ਦਿੱਤਾ ਗਿਆ। ਉਹ ਭਿੱਜੇ ਚਾਵਲ ਤੇ ਚੀਨੀ ਦਾ ਘੋਲ ਪੀ ਕੇ ਹੀ ਜੀ ਰਹੀ ਸੀ। ਸਰਕਾਰੀ ਹਸਪਤਾਲ ਵਿੱਚ ਉਸ ਨੇ ਦਮ ਤੋੜਿਆ। ਉਨ੍ਹਾਂ ਦੱਸਿਆ ਕਿ 21 ਮਾਰਚ ਦੀ ਅੱਧੀ ਰਾਤ ਬਿਮਾਰੀ ਤੇ ਬੇਚੈਨੀ ਕਰਕੇ ਉਸ ਨੇ ਦਮ ਤੋੜਿਆ।
ਪੁਲਿਸ ਨੇ ਦੱਸਿਆ ਕਿ ਤੁਸ਼ਾਰਾ ਦੇ ਪਤੀ ਚੰਦੂ ਲਾਲ ਤੇ ਸੱਸ ਗੀਤਾ ਲਾਲ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਉਹ ਰਿਮਾਂਡ 'ਤੇ ਹਨ। ਤੁਸ਼ਾਰਾ ਦੀ ਮੌਤ ਦੇ ਬਾਅਦ ਪੁਲਿਸ ਜਾਂਚ ਵਿੱਚ ਉਸ ਦੇ ਸੋਸ਼ਣ ਬਾਰੇ ਪਤਾ ਲੱਗਿਆ। ਦਾਜ ਦੀ ਮੰਗ ਸਬੰਧੀ ਉਸ ਦਾ ਪਤੀ ਤੇ ਸੱਸ ਪਿਛਲੇ 5 ਸਾਲਾਂ ਤੋਂ ਉਸ ਦਾ ਸੋਸ਼ਣ ਕਰਦੇ ਆ ਰਹੇ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਹੱਢੀਆਂ ਦਾ ਢਾਂਚਾ ਦਿੱਸ ਰਹੀ ਸੀ। ਉਸ ਦੇ ਸਰੀਰ 'ਤੇ ਬੇਹੱਦ ਘੱਟ ਮਾਸ ਰਹਿ ਗਿਆ ਸੀ।