ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਕਾਲ ਸੈਂਟਰ ਤੇ ਪ੍ਰਾਈਵੇਟ ਕੰਪਨੀਆਂ ਰਾਹੀਂ ਚੰਦਾ ਇਕੱਠਾ ਕਰੇਗੀ। ਇਸ ਲਈ ਇੱਕ ਮਿਸ ਕਾਲ ਨੰਬਰ ਵੀ ਜਾਰੀ ਕੀਤਾ ਗਿਆ ਹੈ। ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ, ਇਸ ਲਈ ਪਾਰਟੀ ਕੋਲ ਫੰਡ ਨਹੀਂ।
ਦਿੱਲੀ ਦੇ ਤਾਲਕੋਟਰਾ ਸਟੇਡੀਅਮ ਵਿੱਚ 'ਆਪ ਕਾ ਦਾਨ, ਰਾਸ਼ਟਰ ਕਾ ਨਿਰਮਾਣ' ਸਮਾਗਮ ਰਾਹੀਂ ਆਮ ਆਦਮੀ ਪਾਰਟੀ ਨੇ ਦਾਨ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਸ਼ੁਰੂਆਤੀ ਤੌਰ 'ਤੇ ਪਾਰਟੀ ਨੇ ਹਰ ਵਾਲੰਟੀਅਰ ਨੂੰ ਆਪਣੇ ਪੱਲਿਓਂ ਹਰ ਮਹੀਨੇ 100-100 ਰੁਪਏ ਦੇਣ ਤੇ ਇਸੇ ਤਰ੍ਹਾਂ ਪੰਜ ਲੋਕਾਂ ਤੋਂ 'ਉਗਰਾਹੀ' ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇੱਕ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਮਿਸ ਕਾਲ ਦੇ ਕੇ ਆਮ ਲੋਕ ਵੀ ਚੰਦਾ ਦੇ ਸਕਣਗੇ।
ਸੌਖੇ ਸ਼ਬਦਾਂ ਵਿੱਚ ਜੇਕਰ ਕੋਈ ਵੀ ਇਸ ਨੰਬਰ 'ਤੇ ਫ਼ੋਨ ਕਰੇਗਾ ਤਾਂ ਕੰਪਨੀ ਦੇ ਲੋਕ ਦਾਨ ਵਜੋਂ ਪਾਰਟੀ ਫੰਡ ਲੈਣ ਲਈ ਉਸ ਦੇ ਘਰ ਜਾਣਗੇ। ਕੇਜਰੀਵਾਲ ਮੁਤਾਬਕ ਇਸ ਦੀ ਬਾਕਾਇਦਾ ਰਸੀਦ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ੁਰੂਆਤ ਸਮੇਂ ਆਮ ਆਦਮੀ ਪਾਰਟੀ ਸਿਰਫ਼ ਆਨਲਾਈਨ ਚੰਦਾ ਲੈਂਦੀ ਸੀ ਤੇ ਦਾਨੀਆਂ ਦੇ ਨਾਂ ਵੈੱਬਸਾਈਟ 'ਤੇ ਪਾਉਂਦੀ ਸੀ ਪਰ ਕੁਝ ਸਾਲਾਂ ਤੋਂ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਹੈ।
ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਉਹ ਹਰ ਮਹੀਨੇ 10 ਹਜ਼ਾਰ, ਉਨ੍ਹਾਂ ਦੀ ਪਤਨੀ ਤੇ ਧੀ ਪੰਜ ਹਜ਼ਾਰ ਤੇ ਪਿਤਾ 500 ਰੁਪਏ ਪਾਰਟੀ ਫੰਡ ਦੇਣਗੇ। ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ ਹਰ ਮਹੀਨੇ ਪਾਰਟੀ ਨੂੰ 21 ਹਜ਼ਾਰ ਰੁਪਏ ਚੰਦਾ ਦੇਣਗੇ।