ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ 'ਤੇ ਪੰਜਾਬੀ ਦਾ ਮੁਹਾਵਰਾ ਕਦੇ 'ਜਿਊਂ ਚਿੜੀਏ ਤੇ ਕਦੇ ਮਰ ਚਿੜੀਏ', ਖ਼ੂਬ ਢੁਕਦਾ ਹੈ। ਵਾਰ-ਵਾਰ ਨਾਂਹ ਹੋਣ ਮਗਰੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਤੋਂ ਕਾਂਗਰਸ ਨਾਲ ਗਠਜੋੜ ਦੀ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਤਾਂ ਇਸ ਗਠਜੋੜ ਨੂੰ ਦੇਸ਼ ਹਿੱਤ ਵਿੱਚ ਦੱਸ ਰਹੇ ਹਨ।


ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਖ਼ਤਰੇ ਵਿੱਚ ਹੈ, ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਚਾਉਣ ਲਈ ਸਾਡੇ ਤੋਂ ਜੋ ਕੁਝ ਵੀ ਹੋ ਸਕੇਗਾ ਅਸੀਂ ਕਰਨ ਲਈ ਤਿਆਰ ਹਾਂ। ਸਾਡੀਆਂ ਕੋਸ਼ਿਸ਼ਾਂ ਅੰਤ ਤਕ ਜਾਰੀ ਰਹਿਣਗੀਆਂ।


ਪਿਛਲੇ ਦੋ ਮਹੀਨਿਆਂ ਤੋਂ 'ਆਪ' ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ ਆ ਰਹੀਆਂ ਹਨ। 'ਆਪ' ਨੇ ਦਿੱਲੀ ਵਿੱਚ ਆਪਣੇ ਸੱਤ ਉਮੀਦਵਾਰ ਐਲਾਨ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਸਿਰਫ ਦਿੱਲੀ ਵਿੱਚ ਗਠਜੋੜ ਲਈ ਤਿਆਰ ਹੈ ਪਰ 'ਆਪ' ਚਾਹੁੰਦੀ ਹੈ ਕਿ ਦਿੱਲੀ ਦੇ ਨਾਲ ਨਾਲ ਹਰਿਆਣਾ ਵਿੱਚ ਕਾਂਗਰਸ, 'ਆਪ' ਤੇ ਜੇਜੇਪੀ ਦਾ ਗਠਜੋੜ ਹੋਵੇ। ਸ਼ੁੱਕਰਵਾਰ ਨੂੰ ਜੇਜੇਪੀ ਤੇ 'ਆਪ' ਨੇ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਸੀ।