ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਬਾਅਦ ਕਾਂਗਰਸ ਨੇ ਤਿੰਨਾਂ ਸੂਬਿਆਂ ਲਈ ਮੁੱਖ ਮੰਤਰੀ ਦੇ ਨਾਂਅ ਐਲਾਨ ਦਿੱਤੇ ਹਨ। ਹੁਣ ਕੱਲ੍ਹ ਨੂੰ ਤਿੰਨਾਂ ਸੂਬਿਆਂ ਵਿੱਚ ਸਹੁੰ ਚੁੱਕ ਸਮਾਗਮ ਕਰਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਕਾਂਗਰਸ ਪਾਰਟੀ ਆਪਣੀ ਏਕਤਾ ਦਾ ਪ੍ਰਦਰਸ਼ਨ ਕਰੇਗੀ। ਇਸ ਲਈ ਪਾਰਟੀ ਨੇ ਦਿੱਗਜ ਲੀਡਰਾਂ ਨੂੰ ਸੱਦੇ ਭੇਜੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਸੱਦਾ ਭੇਜਿਆ ਹੈ ਤੇ ਸਿੱਧੂ ਨੇ ਇਸ ਨੂੰ ਪ੍ਰਵਾਨ ਵੀ ਕਰ ਲਿਆ ਹੈ।
ਇਹ ਵੀ ਪੜ੍ਹੋ- ਕਮਲ ਨਾਥ ਦੇ ਸਹੁੰ ਚੁੱਕ ਸਮਾਗਮ 'ਚ ਨਵਜੋਤ ਸਿੱਧੂ ਨੂੰ 'ਵਿਸ਼ੇਸ਼ ਸੱਦਾ'
ਰਾਜਸਥਾਨ ਦੇ ਜੈਪੁਰ ‘ਅਲਬਰਟ ਹਾਲ’ ਵਿੱਚ ਸਵੇਰੇ 10:30 ਵਜੇ ਅਸ਼ੋਕ ਗਹਿਲੋਤ ਸਹੁੰ ਚੁੱਕਣਗੇ। ਉਨ੍ਹਾਂ ਨਾਲ ਸਚਿਨ ਪਾਇਲਟ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸੂਤਰਾਂ ਮੁਤਾਬਕ ਆਰਐਲਐਸਪੀ ਲੀਡਰ ਉਪੇਂਦਰ ਕੁਸ਼ਵਾਹਾ ਨੂੰ ਵੀ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ, ਐਚਡੀ ਦੇਵਗੌੜਾ, ਮਲਿੱਕਾਰਜੁਨ ਖੜਗੇ, ਸ਼ਰਦ ਯਾਦਵ, ਫਾਰੁਕ ਅਬਦੁੱਲਾ, ਚੰਦਰਬਾਬੂ ਨਾਇਡੂ, ਬਦਰੁੱਦੀਨ ਅਜਮਲ, ਤੇਜੱਸਵੀ ਯਾਦਵ, ਐਮਕੇ ਸਟਾਲਿਨ ਤੇ ਹੋਰ ਲੀਡਰ ਸ਼ਾਮਲ ਰਹਿਣਗੇ।
ਇਹ ਵੀ ਪੜ੍ਹੋ: ਕਾਂਗਰਸ ਨੇ 1984 ਸਿੱਖ ਕਤਲੇਆਮ 'ਚ ਕਮਲ ਨਾਥ ਲਈ ਮੰਗਿਆ ਮੋਦੀ ਵਾਂਗ 'ਸ਼ੱਕ ਦਾ ਲਾਭ'
ਮੱਧ ਪ੍ਰਦੇਸ਼ ਵਿੱਚ ਸਹੁੰ ਚੁੱਕ ਸਮਾਗਮ ਲਈ ਭੋਪਾਲ ਦੇ ਜੰਬੂਰੀ ਮੈਦਾਨ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਦੁਪਹਿਰ 1:30 ਵਜੇ ਸਮਾਗਮ ਹੋਏਗਾ। ਖ਼ਬਰਾਂ ਮੁਤਾਬਕ ਕਾਂਗਰਸ ਲੀਡਰ ਕਮਲ ਨਾਥ ਇਕੱਲੇ ਸਹੁੰ ਚੁੱਕ ਸਕਦੇ ਹਨ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦਾ ਵਿਸਤਾਰ ਸਦਨ ਵਿੱਚ ਵਿਸ਼ਵਾਸ ਹਾਸਲ ਕਰਨ ਬਾਅਦ ਹੀ ਹੋਏਗਾ। ਦੱਸਿਆ ਜਦਾ ਰਿਹਾ ਹੈ ਕਿ ਮੰਤਰੀ ਮੰਡਲ ਵਿਸਤਾਰ ਬਾਅਦ ਹੋਣ ਵਾਲੇ ਵਿਵਾਦ ਤੋਂ ਬਚਣ ਲਈ ਇਹ ਰਣਨੀਤੀ ਅਪਣਾਈ ਗਈ ਹੈ। ਇਸ ਸਮਾਗਮ ਵਿੱਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਪੁੱਜ ਸਕਦੇ ਹਨ। ਇਸ ਮੌਕੇ ਵੱਡੀ ਗਿਣਤੀ ਯੂਪੀਏ ਲੀਡਰ ਪੁੱਜਣ ਦੀ ਸੰਭਾਵਨਾ ਹੈ। ਬੀਐਸਪੀ ਦੀ ਮਾਇਆਵਤੀ, ਟੀਡੀਪ ਦੇ ਚੰਦਰਬਾਬੂ ਨਾਇਡੂ ਤੇ ਐਨਸੀਪੀ ਦੇ ਸ਼ਰਦ ਪਵਾਰ ਵੀ ਆਉਣਗੇ।
ਸਬੰਧਤ ਖ਼ਬਰ: ਫੂਲਕਾ ਨੇ ਦੱਸੀ ਕਮਲਨਾਥ ਦੀ 'ਸੱਚਾਈ', ਰਕਾਬਗੰਜ 'ਚ ਭੀੜ ਉਕਸਾਈ ਤੇ ਸਿੱਖਾਂ ਨੂੰ ਸਾੜਿਆ..!
ਛੱਤੀਸਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ ਕੱਲ੍ਹ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਹੋਏਗਾ। ਮੁੱਖ ਮੰਤਰੀ ਭੁਪੇਸ਼ ਬਘੇਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਅੱਜ ਛੱਤੀਸਗੜ੍ਹ ਲਈ ਉੱਥੋਂ ਦੇ ਸੂਬਾ ਪ੍ਰਧਾਨ ਭੁਪੇਸ਼ ਬਘੇਲ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਲਈ ਕਮਲ ਨਾਥ ਤੇ ਰਾਜਸਥਾਨ ਲਈ ਅਸ਼ੋਕ ਗਹਿਲੋਤ ਦਾ ਨਾਂ ਐਲਾਨਿਆ ਗਿਆ ਸੀ। ਕੱਲ੍ਹ ਇਹ ਤਿੰਨੋਂ ਲੀਡਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।