ਸਾਲ 2016 ਵਿੱਚ ਤਤਕਾਲੀ ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮਹਾਤਮਾ ਗਾਂਧੀ ਦੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ। ਉਦੋਂ ਤੋਂ ਹੀ ਅਫ਼ਰੀਕੀ ਵਿਦਿਆਰਥੀ ਇਸ ਦੇ ਵਿਰੁੱਧ ਸਨ ਅਤੇ ਉਨ੍ਹਾਂ ਇਸ ਨੂੰ ਹਟਾਉਣ ਸਬੰਧੀ ਆਨਲਾਈਨ ਪਟੀਸ਼ਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਸੀ। ਸਥਾਨਕ ਵਿਦਿਆਰਥੀਆਂ ਦਾ ਤਰਕ ਹੈ ਕਿ ਗਾਂਧੀ ਨੇ ਜਦ ਵਕਾਲਤ ਕੀਤੀ ਸੀ ਤਾਂ ਅਫ਼ਰੀਕੀ ਮੂਲ ਦੇ ਕਾਲੇ ਲੋਕਾਂ ਬਾਰੇ ਨਿੰਦਣਯੋਗ ਟਿੱਪਣੀਆਂ ਕੀਤੀਆਂ ਸਨ। ਉੱਧਰ, ਅਫ਼ਰੀਕਾ ਦੀ ਗਾਂਧੀ ਮੈਮੋਰੀਅਲ ਕਮੇਟੀ ਦੇ ਚੇਅਰਮੈਨ ਡੇਵਿਡ ਗੇਂਗਨ ਨੇ ਬਾਪੂ ਦਾ ਬੁੱਤ ਹਟਾਏ ਜਾਣ ਨੂੰ ਗ਼ੈਰ ਵਾਜਬ ਕਰਾਰ ਦਿੱਤਾ ਹੈ।
ਗੇਂਗਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਜਿਹੜੇ ਵੀ ਵਿਦਿਆਰਥੀ ਜਾਂ ਪ੍ਰੋਫੈਸਰ ਇਸ ਦੇ ਖ਼ਿਲਾਫ਼ ਹਨ ਉਹ ਤੰਗ ਸੋਚ ਦੇ ਮਾਲਕ ਹਨ। ਦਰਅਸਲ, ਜਿਸ ਸਮੇਂ ਗਾਂਧੀ ਇੱਥੇ ਆਏ ਤਾਂ ਉਹ 23 ਸਾਲ ਦੇ ਨੌਜਵਾਨ ਵਕੀਲ ਵਜੋਂ ਆਏ ਸਨ, 21 ਸਾਲਾਂ ਬਾਅਦ ਉਹ ਜਦ ਇੱਥੋਂ ਗਏ ਤਾਂ ਉਹ ਮਹਾਤਮਾ ਬਣ ਕੇ ਗਏ ਅਤੇ ਭਾਰਤ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਗਾਂਧੀ ਆਪਣੇ ਕਹੇ ਲਈ ਮੁਆਫ਼ੀ ਵੀ ਮੰਗ ਚੁੱਕੇ ਸਨ ਅਤੇ ਸੰਨ 1915 ਵਿੱਚ ਭਾਰਤ ਵਾਪਸ ਪਰਤ ਕੇ ਅਛੂਤਾਂ ਦੇ ਹੱਕ ਲਈ ਮੁਹਿੰਮ ਵੀ ਸ਼ੁਰੂ ਕੀਤੀ ਸੀ। ਅਜਿਹੇ ਵਿਅਕਤੀ ਨੂੰ ਨਸਲੀ ਵਿਤਕਰੇ ਕਰਨ ਵਾਲਾ ਨਹੀਂ ਕਿਹਾ ਜਾ ਸਕਦਾ।