ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕਾਂਗਰਸ ਲਈ ਤਿੰਨ ਸੂਬਿਆਂ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਚੁੱਕੇ ਅਤੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦਾ ਮਸਲਾ ਚੁੱਕਣ ਕਰਕੇ ਸਿੱਧੂ ਦੀ ਪ੍ਰਸਿੱਧੀ ਕਾਫੀ ਫੈਲ ਗਈ ਹੈ। ਅਜਿਹੇ ਵਿੱਚ ਸਿੱਧੂ ਨਾਲ ਖਾਰ ਖਾਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ, ਜਿਸ ਤੋਂ ਪੁਲਿਸ ਫਿਕਰਮੰਦ ਹੈ।

ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਵੱਲੋਂ ਸਿੱਧੂ ਨਾਲ ਮੀਟਿੰਗ ਕਰ ਕੇ ਬੁਲੇਟ ਪਰੂਫ ਗੱਡੀ ਅਤੇ ਕੇਂਦਰੀ ਸਨਅਤੀ ਸੁਰੱਖਿਆ ਬਲ ਦੀ ਸਕਿਉਰਿਟੀ ਦੇਣ ਬਾਰੇ ਗੱਲਬਾਤ ਕੀਤੀ ਹੈ। ਸੀਆਈਐਸਐਫ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੀ ਸੁਰੱਖਿਆ ਸਾਂਭਦੀ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਬੁਲੇਟ ਪਰੂਫ ਗੱਡੀ ਵੀ ਦਿੱਤੀ ਜਾਵੇਗੀ।

ਕਾਂਗਰਸ ਹਾਈ ਕਮਾਨ ਮੁਤਾਬਿਕ ਨਵਜੋਤ ਸਿੱਧੂ ਨੇ ਛੱਤੀਸਗੜ੍ਹ ਦੇ 15, ਮੱਧ ਪ੍ਰਦੇਸ਼ ਦੇ 30 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਅਤੇ ਰਾਜਸਥਾਨ ਦੇ 19 ਹਲਕਿਆਂ ਵਿੱਚ ਰੈਲੀਆਂ ਕੀਤੀਆਂ, ਜਿੱਥੋਂ ਕੁੱਲ 50 ਕਾਂਗਰਸੀ ਉਮੀਦਵਾਰ ਜਿੱਤੇ ਹਨ। ਕਾਂਗਰਸੀ ਬੁਲਾਰੇ ਨੇ ਸਿੱਧੂ ਦੀਆਂ ਰੈਲੀਆਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨਾਲੋਂ ਵੀ ਬਿਹਤਰ ਨਿੱਕਲਣ ਦਾ ਦਾਅਵਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ 26 ਨਵੰਬਰ ਨੂੰ ਜਹਾਜ਼ ਨਾ ਉੱਤਰਨ ਕਾਰਨ ਸਿੱਧੂ ਦੀਆਂ ਮੱਧ ਪ੍ਰਦੇਸ਼ ਵਿੱਚ ਚਾਰ ਰੈਲੀਆਂ ਰੱਦ ਹੋ ਗਈਆਂ ਸਨ ਅਤੇ ਉੱਥੇ ਕਾਂਗਰਸੀ ਉਮੀਦਵਾਰ ਇੱਕ ਤੋਂ 2 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ। ਇੰਨੇ ਚੰਗੇ ਨਤੀਜਿਆਂ ਤੋਂ ਬਾਅਦ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਦੌਰਾਨ ਵੀ ਨਵਜੋਤ ਸਿੱਧੂ ਨੂੰ ਮੋਹਰੀ ਸਟਾਰ ਪ੍ਰਚਾਰਕ ਵਜੋਂ ਰੱਖੇ ਜਾਣ ਦੀ ਉਮੀਦ ਹੈ।

ਸੂਤਰਾਂ ਮੁਤਾਬਕ ਹੁਣ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਲਈ ਮੰਗਵਾਈ ਜਾ ਰਹੀ ਵਿਸ਼ੇਸ਼ ਬਖ਼ਤਰਬੰਦ ਰੇਂਜ ਰੋਵਰ ਕਾਰ ਵਰਗੀ ਸਵਾਰੀ ਮਿਲ ਸਕਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਸ਼ਾਮਲ ਹੋਣ ਵਾਲੇ ਜਵਾਨਾਂ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪੱਤਰ ਰਾਹੀਂ ਵੀ ਸਿੱਧੂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਵੀ ਸਿੱਧੂ ਦੀ ਸੁਰੱਖਿਆ ਲਈ ਫਿਕਰਮੰਦ ਹੋ ਗਈ ਹੈ।