ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਛੱਤੀਸਗੜ੍ਹ ਦੇ ਸੁਪਰਵਾਈਜ਼ਰ ਮਲਿਕਾਰਜੁਨ ਖੜਗੇ ਨੇ ਰਾਏਪੁਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪਾਟਨ ਤੋਂ ਵਿਧਾਇਕ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਭੁਪੇਸ਼ ਬਘੇਲ ਦੇ ਮੁੱਖ ਮੰਤਰੀ ਚੁਣੇ ਜਾਣ ਬਾਰੇ ਐਲਾਨ ਕੀਤਾ। ਸੂਬੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਦੇ ਬਾਅਦ ਲੰਮੀਆਂ ਬੈਠਕਾਂ ਪਿੱਛੋਂ ਭੁਪੇਸ਼ ਬਘੇਲ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ।
ਰਾਏਪੁਰ ਵਿੱਚ ਸਥਿਤ ਸੰਚਾਰ ਵਿਭਾਗ ਦੇ ਪ੍ਰੈਸ ਕਾਨਫਰੰਸ ਕਮਰੇ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਈ ਤੇ ਇਸੇ ਮੀਟਿੰਗ ਵਿੱਚ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ। ਮੱਲਿਕਾਰਜੁਨ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਭੁਪੇਸ਼ ਸਿੰਘ ਬਘੇਲ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਦੇ ਨਾਲ ਟੀਐਸ ਸਿੰਘ ਦੇਵ ਵੀ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕਰ ਰਹੇ ਸੀ।