ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਆਪਣਾ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਸਿਆਸੀ ਗੱਲਬਾਤ ਨਹੀਂ ਕੀਤੀ ਗਈ ਬਲਕਿ ਪੀਐਮ ਮੋਦੀ ਨੇ ਆਪਣੇ ਬਚਪਨ ਦੇ ਸੰਘਰਸ਼, ਪਰਿਵਾਰਕ ਜੀਵਨ, ਖਾਣ-ਪੀਣ ਤੇ ਵਿਰੋਧੀ ਲੀਡਰਾਂ ਨਾਲ ਆਪਣੀ ਦੋਸਤੀ ਦੇ ਕਿੱਸੇ ਸਾਂਝੇ ਕੀਤੇ ਹਨ। ਜਾਣੋ ਇੰਟਰਵਿਊ ਦੀਆਂ 10 ਦਿਲਚਸਪ ਗੱਲਾਂ-


ਬਚਪਨ 'ਚ ਅੰਬ ਬੇਹੱਦ ਪਸੰਦ- ਅਕਸ਼ੇ ਨੇ ਮੋਦੀ ਨੂੰ ਅੰਬਾਂ ਪ੍ਰਤੀ ਉਨ੍ਹਾਂ ਦੇ ਪਿਆਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਉਨ੍ਹਾਂ ਨੂੰ ਅੰਬ ਬੇਹੱਦ ਪਸੰਦ ਸਨ। ਬਚਪਨ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਅੰਬ ਖ਼ਰੀਦ ਸਕਣ, ਪਰ ਉਹ ਖੇਤਾਂ ਵਿੱਚ ਚਲੇ ਜਾਂਦੇ ਸੀ ਤੇ ਉੱਥੇ ਲੱਗੇ ਅੰਬ ਤੋੜ-ਤੋੜ ਕੇ ਖਾਂਦੇ ਸੀ।

ਬਿਨਾਂ ਨਾਂ ਲਏ ਗਾਂਧੀ ਪਰਿਵਾਰ 'ਤੇ ਨਿਸ਼ਾਨਾ- ਮੋਦੀ ਨੇ ਕਿਹਾ ਕਿ ਉਨ੍ਹਾਂ ਕਦੀ ਪ੍ਰਧਾਨ ਮੰਤਰੀ ਬਣਨ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਉਨ੍ਹਾਂ ਦਾ ਪਿਛੋਕੜ ਅਜਿਹਾ ਨਹੀਂ ਸੀ। ਅਜਿਹੇ ਵਿਚਾਰ ਸਿਰਫ ਉਨ੍ਹਾਂ ਲੋਕਾਂ ਦੇ ਮਨ ਵਿੱਚ ਆਉਂਦੇ ਹਨ ਜੋ ਪਿਛੋਕੜ ਦੇ ਨਾਲ-ਨਾਲ ਇੱਕ ਵਿਸ਼ੇਸ਼ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਸੰਨਿਆਸੀ ਜਾਂ ਫੌਜੀ ਬਣਨਾ ਚਾਹੁੰਦੇ ਸੀ ਮੋਦੀ- ਪੀਐਮ ਮੋਦੀ ਨੇ ਦੱਸਿਆ ਕਿ ਇੱਕ ਸਮੇਂ ਉਨ੍ਹਾਂ ਦਾ ਮੰਨਣਾ ਸੀ ਕਿ ਜਾਂ ਤਾਂ ਉਹ ਸੰਨਿਆਸੀ ਬਣਨਗੇ ਤੇ ਜਾਂ ਫੌਜ ਵਿੱਚ ਭਰਤੀ ਹੋਣਗੇ। ਬਚਪਨ ਵਿੱਚ ਉਹ ਕਿਤਾਬਾਂ ਤੇ ਵੱਡੇ-ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹਦੇ ਸਨ। ਜਦੋਂ ਫੌਜੀ ਨਿਕਲਦੇ ਸੀ ਤਾਂ ਉਹ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਲਿਊਟ ਕਰਦੇ ਸੀ।

ਨੌਕਰੀ ਕਰਨ ਬਾਰੇ ਵੀ ਸੋਚਦੇ ਸੀ ਮੋਦੀ- ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਅਜਿਹਾ ਹੈ ਕਿ ਜੇ ਉਨ੍ਹਾਂ ਨੂੰ ਨੌਕਰੀ ਮਿਲ ਜਾਂਦੀ ਤਾਂ ਉਨ੍ਹਾਂ ਦੀ ਮਾਂ ਨੇ ਗੁਆਂਢ ਵਿੱਚ ਗੁੜ ਵੰਡਿਆ ਹੁੰਦਾ। ਉਨ੍ਹਾਂ ਕਦੀ ਇਸ ਤੋਂ ਅੱਗੇ ਸੋਚਿਆ ਨਹੀਂ ਸੀ। ਇੱਥੋਂ ਤਕ ਕਿ ਉਨ੍ਹਾਂ ਆਪਣੇ ਪਿੰਡੋਂ ਬਾਹਰ ਕੁਝ ਨਹੀਂ ਵੇਖਿਆ ਸੀ।

ਗੁਲਾਮ ਨਬੀ ਆਜ਼ਾਦ ਤੇ ਮਮਤਾ ਨਾਲ ਦੋਸਤੀ- ਪੀਐਮ ਮੋਦੀ ਨੇ ਦੱਸਿਆ ਕਿ ਵਿਰੋਧੀ ਲੀਡਰਾਂ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ। ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ ਤੇ ਮਮਤਾ ਦੀਦੀ (ਮਮਤਾ ਬੈਨਰਜੀ) ਸਾਲ ਵਿੱਚ ਇੱਕ ਦੋ ਕੁਰਤੇ ਤੋਹਫ਼ੇ ਵਜੋਂ ਦਿੰਦੇ ਹਨ। ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਸਾਲ ਵਿੱਚ 3-4 ਵਾਰ ਖ਼ਾਸ ਤੌਰ 'ਤੇ ਢਾਕਾ ਤੋਂ ਮਠਿਆਈਆਂ ਭੇਜਦੇ ਹਨ।

ਅੱਜ ਵੀ ਮਾਂ ਤੋਂ ਮਿਲਦੇ ਨੇ ਸਵਾ ਰੁਪਏ- ਮਾਂ ਨਾਲ ਰਹਿਣ ਦੇ ਸਵਾਲ ਬਾਰੇ ਮੋਦੀ ਨੇ ਕਿਹਾ ਕਿ ਉਹ ਛੋਟੀ ਉਮਰੇ ਹੀ ਸਭ ਕੁਝ ਛੱਡ ਚੁੱਕੇ ਸਨ। ਉਸ ਸਮੇਂ ਜਦੋਂ ਘਰ ਛੱਡਿਆ ਸੀ ਤਾਂ ਤਕਲੀਫ਼ ਹੋਈ ਸੀ ਪਰ ਹੁਣ ਉਹ ਮਾਂ ਨਾਲ ਮਿਲ ਲੈਂਦੇ ਹਨ। ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਕੋਲ ਆਉਂਦੀ ਹੈ ਤਾਂ ਉਹ ਮਾਂ ਨੂੰ ਸਮਾਂ ਨਹੀਂ ਦੇ ਪਾਉਂਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਅੱਜ ਵੀ ਉਨ੍ਹਾਂ ਨੂੰ ਸਵਾ ਰੁਪਏ ਭੇਜਦੀ ਹੈ ਪਰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਕੋਈ ਮਦਦ ਨਹੀਂ ਲੈਂਦਾ।

ਵਿਧਾਇਕ ਬਣਨ ਬਾਅਦ ਖੁੱਲ੍ਹਾ ਬੈਂਕ ਅਕਾਊਂਟ- ਮੋਦੀ ਮੁਤਾਬਕ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦਾ ਬੈਂਕ ਖ਼ਾਤਾ ਨਹੀਂ ਸੀ। ਜਦੋਂ ਵਿਧਾਇਕ ਬਣੇ ਤਾਂ ਤਨਖ਼ਾਹ ਆਉਣੀ ਸ਼ੁਰੂ ਹੋਈ। ਸਕੂਲ ਵਿੱਚ ਦੇਨਾ ਬੈਂਕ ਦੇ ਮੁਲਾਜ਼ਮ ਆਏ। ਉਨ੍ਹਾਂ ਬੱਚਿਆਂ ਨੂੰ ਬੁਗਨੀ ਦਿੱਤੀ ਤੇ ਪੈਸੇ ਜੋੜਨ, ਬਾਅਦ ਵਿੱਚ ਬੈਂਕ 'ਚ ਜਮ੍ਹਾ ਕਰਾਉਣ ਲਈ ਕਿਹਾ ਸੀ। ਪਰ ਉਨ੍ਹਾਂ ਕੋਲ ਬੁਗਨੀ ਵਿੱਚ ਜੋੜਨ ਜੋਗੇ ਵੀ ਪੈਸੇ ਨਹੀਂ ਹੁੰਦੇ ਸੀ। ਖ਼ਾਤਾ ਉਵੇਂ ਹੀ ਪਿਆ ਰਿਹਾ।

ਮੋਦੀ ਨੂੰ ਮੀਮ ਪਸੰਦ, ਟਵਿੰਕਲ ਦਾ ਵੇਖਦੇ ਖ਼ਾਤਾ- ਮੋਦੀ ਸੋਸ਼ਲ ਮੀਡੀਆ ਜ਼ਰੂਰ ਵੇਖਦੇ ਹਨ। ਬਾਹਰ ਕੀ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਉਹ ਅਕਸ਼ੇ ਤੇ ਟਵਿੰਕਲ ਖੰਨਾ ਦਾ ਵੀ ਟਵਿੱਟਰ ਖ਼ਾਤਾ ਵੇਖਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੀਮ (meme) ਬਹੁਤ ਪਸੰਦ ਹਨ। ਲੋਕਾਂ ਦੀ ਕ੍ਰੀਏਟੀਵਿਟੀ ਚੰਗੀ ਲੱਗਦੀ ਹੈ।

ਇਸ ਤੋਂ ਇਲਾਵਾ ਮੋਦੀ ਨੇ ਦੱਸਿਆ ਕਿ ਪਹਿਲਾਂ ਉਹ ਫਿਲਮਾਂ ਵੀ ਵੇਖਦੇ ਸੀ ਪਰ ਹੁਣ ਸਮਾਂ ਨਹੀਂ ਮਿਲਦਾ। ਅਮਿਤਾਬ ਬੱਚਨ ਨਾਲ 'ਪਾ' ਤੇ ਅਨੁਪਮ ਖੇਰ ਨਾਲ 'ਅ ਵੈਡਨਸਡੇ' ਫਿਲਮ ਵੇਖੀ ਸੀ। ਬਚਪਨ ਵਿੱਚ ਦੋਸਤਾਂ ਨਾਲ ਕਈ ਫਿਲਮਾਂ ਵੇਖੀਆਂ।