ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਪੱਛਮੀ ਯੂਪੀ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਰੇਲਵੇ ਸਟੇਸ਼ਨ ਦੇ ਅਧਿਕਾਰੀ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ‘ਚ 13 ਮਈ ਨੂੰ ਦਿੱਲੀ ਸਮੇਤ ਮੇਰਠ, ਸ਼ਾਮਲੀ, ਹਾਪੁਡ, ਗਾਜ਼ੀਆਬਾਦ ਤੇ ਗਜਰੌਲਾ ਸਟੇਸ਼ਨਾਂ ਨੂੰ ਉੱਡਾਉਣ ਦੀ ਧਮਕੀ ਦਿੱਤੀ ਗਈ ਹੈ।

ਧਮਕੀ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਚਿੱਠੀ ‘ਚ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕੀਤੀ ਗਈ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਜਿੰਨੇ ਵੀ ਰੇਲਵੇ ਸਟੇਸ਼ਨ ਹਨ, ਸਭ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।



ਐਸਪੀ ਸਿਟੀ ਮੇਰਠ ਅਖਿਲੇਸ਼ ਨਾਰਾਇਨ ਸਿੰਘ ਨੇ ਕਿਹਾ, “ਕਈ ਸਟੇਸ਼ਨ ਮਾਸਟਰਾਂ ਨੂੰ ਕਈ ਤਰ੍ਹਾਂ ਦੇ ਪੱਤਰ ਮਿਲੇ ਸੀ। ਇਸ ਦੇ ਮੱਦੇਨਜ਼ਰ ਡੌਗ ਸਕੂਆਰਡ, ਜੀਆਰਪੀ, ਆਰਪੀਐਫ, ਬੰਬ ਸਕੂਆਰਡ ਤੇ ਸਿਵਲ ਫੋਰਸ ਸਭ ਮਿਲ ਕੇ ਜੁਆਇੰਟਲੀ ਚੈਕਿੰਗ ਕਰ ਰਹੇ ਹਨ। ਇਸ ‘ਚ ਕਿਸੇ ਵੀ ਸ਼ੱਕੀ ਵਿਅਕਤੀ, ਚੀਜ਼ ਜਾ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਲਚਲ ਦੀ ਚੈਕਿੰਗ ਕੀਤੀ ਜਾ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਅਜੇ ਤਕ ਅਜਿਹੀ ਕੋਈ ਚੀਜ਼ ਨਹੀਂ ਮਿਲੀ ਹੈ। ਇਹ ਚੈਕਿੰਗ ਸਮੇਂ-ਸਮੇਂ ‘ਤੇ ਚੱਲਦੀ ਰਹੇਗੀ ਤੇ ਜਿਵੇਂ ਹੀ ਕੋਈ ਸੂਚਨਾ ਮਿਲੇਗੀ, ਉਸ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਵੇਗੀ।” ਧਮਕੀ ਤੋਂ ਬਾਅਦ ਟ੍ਰੇਨ ਦੇ ਅੰਦਰ ਤੇ ਪਲੇਟਫਾਰਮ, ਵੇਟਿੰਗ ਰੂਮ ਦੀ ਵੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ।