ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਸਟ੍ਰੈਂਡ ਰੋਡ ਦੀ ਬਹੁਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਵਿੱਤੀ ਸਹਾਇਤਾ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ।


ਚਾਰ ਫਾਇਰਫਾਈਟਰਜ਼, ਦੋ ਰੇਲਵੇ ਕਰਮਚਾਰੀ ਅਤੇ ਇੱਕ ਪੁਲਿਸਕਰਮੀ ਮਾਰੇ ਗਏ
ਰੇਲਵੇ ਦਫ਼ਤਰ ਦੀ ਮਲਟੀਸਟੋਰੀ ਇਮਾਰਤ ਵਿਚ ਲੱਗੀ ਅੱਗ ਤੋਂ ਬਾਅਦ ਚਾਰ ਫਾਇਰਫਾਈਟਰ, ਦੋ ਰੇਲਵੇ ਕਰਮਚਾਰੀ ਅਤੇ ਇੱਕ ਪੁਲਿਸ ਕਰਮਚਾਰੀ ਸਣੇ ਨੌਂ ਲੋਕ ਮਾਰੇ ਗਏ। ਇਹ ਅੱਗ ਕੱਲ ਸ਼ਾਮ ਕਰੀਬ 6 ਵਜੇ ਸ਼ੁਰੂ ਹੋਈ। ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਦਸ ਤੋਂ ਵੱਧ ਵਾਹਨ ਮੌਕੇ 'ਤੇ ਪਹੁੰਚੇ। ਇਸ ਇਮਾਰਤ ਵਿੱਚ ਪੂਰਬੀ ਰੇਲਵੇ ਅਤੇ ਦੱਖਣੀ ਪੂਰਬੀ ਰੇਲਵੇ ਦੇ ਜ਼ੋਨਲ ਦਫਤਰ ਹਨ ਅਤੇ ਜ਼ਮੀਨੀ ਮੰਜ਼ਲ ਤੇ ਇੱਕ ਕੰਪਿਊਟਰਾਈਜ਼ਡ ਟਿਕਟ ਬੁਕਿੰਗ ਕੇਂਦਰ ਹੈ।


ਅੱਗ ਲੱਗਣ ਦੇ ਕਾਰਨਾਂ ਅਜੇ ਨਹੀਂ ਸਾਫ 
ਕੋਲਕਾਤਾ ਨਗਰ ਨਿਗਮ ਦੇ ਮੇਅਰ ਫ਼ਿਰਹਾਦ ਹਕੀਮ ਅਤੇ ਮੰਤਰੀ ਸੁਜੀਤ ਬੋਸ ਵੀ ਮੌਕੇ ‘ਤੇ ਪਹੁੰਚ ਗਏ। ਸੁਜੀਤ ਬੋਸ ਨੇ ਦੱਸਿਆ ਕਿ ਜਗ੍ਹਾ ਘੱਟ ਹੋਣ ਕਾਰਨ ਅੱਗ ਬੁਝਾਉਣ ਵਿਚ ਮੁਸ਼ਕਲ ਆਈ ਸੀ। ਮੰਤਰੀ ਸੁਜੀਤ ਬੋਸ ਅਨੁਸਾਰ ਜਿਸ ਇਮਾਰਤ ਵਿੱਚ ਇਹ ਹਾਦਸਾ ਹੋਇਆ ਉਸਦੀ ਤੇਰ੍ਹਵੀਂ ਮੰਜ਼ਲ ਤੇ ਪੂਰਬੀ ਰੇਲਵੇ ਦਾ ਇੱਕ ਦਫਤਰ ਹੈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।


ਪਿਯੂਸ਼ ਗੋਇਲ ਨੇ ਟਵੀਟ ਕੀਤਾ


ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕੋਲਕਾਤਾ ਅੱਗ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਸਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ, ਰੇਲਵੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।