ਕੋਲਕਾਤਾ: ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਖੁਦਾਈ ਦੌਰਾਨ 4.5 ਮੀਟਰ (14.7 ਫੁੱਟ) ਲੰਮਾ ਬੰਬ ਕੱਢਿਆ ਗਿਆ ਹੈ। ਹਜ਼ਾਰ ਪਾਊਂਡ (453 ਕਿੱਲੋ) ਵਜ਼ਨ ਦਾ ਇਹ ਬੰਬ ਦੂਜੇ ਵਿਸ਼ਵ ਯੁੱਧ ਦਾ ਹੈ। ਇਸ ’ਤੇ ਅਮਰੀਕਾ ਦਾ ਨਿਸ਼ਾਨ ਬਣਿਆ ਹੋਇਆ ਹੈ। ਇੰਨਾ ਵੱਡਾ ਬੰਬ ਮਿਲਣ ਬਾਅਦ ਇਲਾਕੇ ਵਿੱਚ ਸੁਰੱਖਿਆ ਦੇ ਹਿਸਾਬ ਨਾਲ ਨਾਕਾਬੰਦੀ ਕਰ ਦਿੱਤੀ ਗਈ ਹੈ। ਮਾਮਲੇ ਨਾਲ ਸਬੰਧਤ ਅਧਿਕਾਰੀ ਨੇ ਦੱਸਿਆ ਕਿ ਨੇਤਾਜੀ ਸੁਭਾਸ਼ ਡਾਕ ਬਰਥ ਵਿੱਚ ਡ੍ਰੇਜ਼ਿੰਗ ਆਪਰੇਸ਼ਨ ਦੌਰਾਨ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਅਮਰੀਕੀ ਫੌਜ ਦੇ ਨਿਸ਼ਾਨ ਵਾਲਾ 4.5 ਮੀਟਰ ਲੰਮਾ ਏਰੀਅਲ ਬੰਬ ਮਿਲਿਆ। ਪਹਿਲਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਇਹ ਤਾਰਪੀਡੋ ਹੈ, ਪਰ ਥਲ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਅਮਰੀਕਾ ਵੱਲੋਂ ਬਣਾਇਆ ਗਿਆ ਬੰਬ ਹੈ। ਕੋਲਕਾਤਾ ਪੋਰਟ ਟਰੱਸਟ ਦੇ ਸੁਰੱਖਿਆ ਸਲਾਹਕਾਰ ਗੌਤਮ ਚੱਕਰਵਰਤੀ ਨੇ ਕਿਹਾ ਕਿ ਪੋਰਟ ਅਥਾਰਟੀ ਬੰਬ ਨੂੰ ਸੁਰੱਖਿਅਤ ਕਰਨ ਲਈ ਪਹਿਲਾਂ ਉਸ ਨੂੰ ਡਿਫਿਊਜ਼ ਕਰੇਗੀ। ਵਿਸਫੋਟਕ ਹਾਲੇ ਵੀ ਡਾਕ ਵਿੱਚ ਪਿਆ ਹੋਇਆ ਹੈ। ਇਸ ਨੂੰ ਡਿਫਿਊਜ਼ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਨਾਲ ਸਬੰਧਤ ਹਥਿਆਰ ਮਿਲਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਜਰਮਨੀ ਵਿੱਚ ਉਸਾਰੀ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਦੂਜੇ ਵਿਸ਼ਵ ਯੁੱਧ ਦਾ ਇੱਕ ਬੰਬ ਫਟਣ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ 8 ਹੋਰ ਜ਼ਖ਼ਮੀ ਹੋ ਗਏ ਸੀ।