ਨਵੀਂ ਦਿੱਲੀ: ਜਦੋਂ ਕਿਸਾਨ ਜੰਗਲੀ ਸੂਰਾਂ ਤੇ ਬਾਂਦਰਾਂ ਜਿਹੇ ਹੋਰ ਜਾਨਵਰਾਂ ਤੋਂ ਆਪਣੀ ਫਸਲਾਂ ਨੂੰ ਬਚਾਉਣ ‘ਚ ਨਾਕਾਮਯਾਬ ਹੋ ਗਏ ਤਾਂ ਕਰਨਾਟਕ ਦੇ ਸੋਰਾਬਾ ਦੇ ਕਿਸਾਨਾਂ ਨੇ ਇਨ੍ਹਾਂ ਤੋਂ ਆਪਣੀ ਫਸਲ ਨੂੰ ਬਚਾਉਣ ਦਾ ਵੱਖਰਾ ਤਰੀਕਾ ਲੱਭਿਆ। ਚਿੰਦਾਨੰਦਾ ਗੌੜਾ ਜੋ ਸੋਰਾਬਾ ਦਾ ਹੀ ਇੱਕ ਛੋਟਾ ਜਿਹਾ ਕਿਸਾਨ ਹੈ, ਨੇ ਜਾਨਵਰਾਂ ਨੂੰ ਡਰਾਉਣ ਲਈ ਆਪਣੀ ਆਵਾਜ਼ ਨਾਲ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੂੰ ਮਿਕਸ ਕਰ ਰਿਕਾਰਡ ਕਰ, ਆਵਾਜ਼ ਨੂੰ ਸੇਵ ਕਰ ਲਿਆ।

ਇਸ ਤੋਂ ਬਾਅਦ ਉਸ ਨੇ ਇਸ ਰਿਕਾਰਡਿੰਗ ਨੂੰ ਲੋਕਲ ਸਪੀਕਰ ‘ਤੇ ਵਜਾਇਆ ਜੋ ਕਾਮਯਾਬ ਉਪਾਅ ਸਾਬਤ ਹੋਇਆ। ਇਸ ਸਸਤੇ ਤਰੀਕੇ ਨਾਲ ਇੱਕ ਤਾਂ ਫਸਲਾਂ ਬਚ ਗਈਆਂ ਤੇ ਨਾਲ ਹੀ ਜਾਨਵਰਾਂ ਤੇ ਇਨਸਾਨਾਂ ਦੀ ਅਕਸਰ ਹੋਣ ਵਾਲੀ ਮੁੱਠਭੇੜ ‘ਚ ਵੀ ਕਮੀ ਆਈ।

ਚਿੰਦਾਨੰਦਾ ਗੌੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਰ ‘ਚ ਜੰਗਲੀ ਭਾਲੂ, ਬਾਂਦਰ, ਸਾਨ੍ਹ ਸਾਰੀਆਂ ਫਸਲਾਂ ਨੂੰ ਬਰਬਾਦ ਕਰਦੇ ਹਨ। ਉਸ ਦੀ ਹਰ ਸਾਲ ਕਰੀਬ 30% ਫਸਲ ਇਨ੍ਹਾਂ ਜਾਨਵਰਾਂ ਕਰਕੇ ਖਰਾਬ ਹੋ ਜਾਂਦੀ ਸੀ। ਇਸ ਸਾਲ ਅਜਿਹਾ ਨਹੀਂ ਹੋਇਆ।

ਗੌੜਾ ਨੇ ਦੱਸਿਆ ਕਿ ਫਸਲਾਂ ਨੂੰ ਬਚਾਉਣ ਲਈ ਲੋਕ ਜਾਨਵਰਾਂ ਨੂੰ ਗੋਲੀ ਮਾਰ ਦਿੰਦੇ ਸੀ ਪਰ ਗੌੜਾ ਚਾਹੁੰਦੇ ਸੀ ਕਿ ਕਿਸਾਨਾਂ ਦੀ ਫਸਲ ਵੀ ਖ਼ਰਾਬ ਨਾ ਹੋਵੇ ਤੇ ਜਾਨਵਰਾਂ ਦੀ ਜ਼ਿੰਦਗੀ ਵੀ ਬਚ ਜਾਵੇ। ਇਸ ਲਈ ਉਨ੍ਹਾਂ ਨੇ ਇਹ ਤਰੀਕਾ ਲੱਭਿਆ।