ਭਰਤਪੁਰ: ਰਾਜਸਥਾਨ ਵਿੱਚ ਫਿਰ ਲੁਟੇਰੀ ਦੁਲਹਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਲਾੜੀ ਵਿਆਹ ਦੇ ਤਿੰਨ ਦਿਨਾਂ ਬਾਅਦ ਹੀ ਲਾੜੇ ਸਮੇਤ ਪੂਰੇ ਸਹੁਰੇ ਪਰਿਵਾਰ ਨੂੰ ਨਸ਼ੇ ’ਚ ਟੱਲੀ ਕਰਕੇ ਨਕਦੀ ਤੇ ਗਹਿਣੇ ਲੈ ਕੇ ਭੱਜ ਗਈ। ਮਾਮਲਾ ਜ਼ਿਲ੍ਹਾ ਭਰਤਪੁਰ ਦੇ ਕੁਮਹੇਰ ਥਾਣਾ ਖੇਤਰ ਦੇ ਪਿੰਡ ਅਵਾਰ ਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਅਵਾਰ ਨਿਵਾਸੀ ਰਾਕੇਸ਼ ਸਿੰਘ ਦਾ ਵਿਆਹ 15 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਆਟਾ ਮੈਨਪੁਰੀ ਕੋਲ ਇੱਕ ਪਿੰਡ ਦੀ ਕੁੜੀ ਨਾਲ ਹੋਇਆ ਸੀ। ਵਿਆਹ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਸੋਮਵਾਰ ਨੂੰ ਲਾੜੀ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਆਏ। ਰਾਤ ਨੂੰ ਖਾਣਾ ਖਾ ਕੇ ਸਾਰਾ ਪਰਿਵਾਰ ਸੌਂ ਗਿਆ।
ਦੇਰ ਸਵੇਰ ਤਕ ਜਦੋਂ ਰਾਕੇਸ਼ ਦੇ ਘਰ ਕੋਈ ਹਲਚਲ ਨਹੀਂ ਹੋਈ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਘਰ ਜਾ ਕੇ ਵੇਖਿਆ ਤਾਂ ਰਾਕੇਸ਼ ਦਾ ਪਰਿਵਾਰ ਬੇਹੋਸ਼ ਪਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਲਾੜੀ ਨੇ ਬੀਤੀ ਰਾਤ ਸਾਰਿਆਂ ਨੂੰ ਰਾਤ ਦੇ ਖਾਣੇ ਵਿੱਚ ਨਸ਼ੀਲੀ ਚੀਜ਼ ਪਾ ਕੇ ਖਵਾ ਦਿੱਤੀ ਸੀ। ਪਰਿਵਾਰ ਦੇ ਬੇਹੋਸ਼ ਹੋਣ ਬਾਅਦ ਉਹ ਆਪਣੇ ਪਰਿਵਾਰ ਨਾਲ ਭੱਜ ਗਈ ਸੀ।