ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਰਵਾਸੀ ਮਜ਼ਦੂਰਾਂ 'ਤੇ ਤਸ਼ੱਦਦ ਬਾਰੇ ਕੇਂਦਰ ਸਰਕਾਰ ਦੀ ਰਿਪੋਰਟ ਮੋਦੀ ਸਰਕਾਰ ਨੂੰ ਪੁੱਠੀ ਪੈ ਗਈ ਹੈ। ਇੱਕ ਪਾਸੇ ਕਿਸਾਨਾਂ ਤੇ ਪੰਜਾਬ ਸਰਕਾਰ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਘੇਰਿਆ ਹੈ, ਉੱਥੇ ਹੀ ਪਰਵਾਸੀ ਮਜ਼ਦੂਰ ਵੀ ਇਸ ਰਿਪੋਰਟ ਤੋਂ ਖਫਾ ਹੋ ਸੜਕਾਂ ਉੱਪਰ ਆ ਗਏ ਹਨ।
ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਰਵਾਸੀ ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਤੇ ਪੁਤਲੇ ਫੂਕੇ। ਅੰਮ੍ਰਿਤਸਰ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੇ ਰੋਸ ਵਿਖਾਵਾ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਜ਼ਾਹਰਾਕਾਰੀਆਂ ਨੇ ਕੇਂਦਰ ਸਰਕਾਰ ਵਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਖਿਆ ਕਿ ਇਹ ਪਰਵਾਸੀ ਮਜ਼ਦੂਰਾਂ ਤੇ ਪੰਜਾਬੀ ਭਾਈਚਾਰੇ ਵਿਚਾਲੇ ਫੁੱਟ ਪਾਉਣ ਦਾ ਯਤਨ ਹੈ।
ਪਰਵਾਸੀ ਮਜ਼ਦੂਰਾਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਕਿਹਾ ਕਿ ਪੰਜਾਬ ਵਿੱਚ ਕਈ ਦਹਾਕਿਆਂ ਤੋਂ ਯੂਪੀ, ਬਿਹਾਰ ਤੇ ਹੋਰ ਰਾਜਾਂ ਤੋਂ ਲੋਕ ਆ ਕੇ ਵੱਸੇ ਹੋਏ ਹਨ, ਜਿਨ੍ਹਾਂ ਨੇ ਇੱਥੇ ਕੰਮਕਾਜ ਕਰ ਕੇ ਨਾ ਸਿਰਫ਼ ਇੱਥੇ ਮਕਾਨ ਬਣਾਏ ਹਨ ਸਗੋਂ ਆਪਣੇ ਕਾਰੋਬਾਰ ਵੀ ਸ਼ੁਰੂ ਕੀਤੇ ਹਨ।
ਪਰਵਾਸੀ ਮਜ਼ਦੂਰਾਂ ਨੇ ਕਿਹਾ ਇਹ ਵੀ ਕਿਹਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਰਿਪੋਰਟ ਕਿਸਾਨ ਸੰਘਰਸ਼ ਦੇ ਕਾਰਨ ਹੀ ਜਾਰੀ ਕੀਤੀ ਹੋ ਸਕਦੀ ਹੈ। ਰੋਸ ਪ੍ਰਦਰਸ਼ਨ ਵਿਚ ਸ਼ਾਮਲ ਔਰਤਾਂ ਨੇ ਦੱਸਿਆ ਕਿ ਉਹ ਯੂਪੀ ਤੇ ਬਿਹਾਰ ਨਾਲ ਸਬੰਧਤ ਹਨ। ਉਹ ਕਈ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦੇ ਪਤੀ ਤੇ ਬੱਚੇ ਇਥੇ ਕੰਮ ਕਰਦੇ ਹਨ। ਕਦੇ ਵੀ ਕਿਸੇ ਨੇ ਉਨ੍ਹਾਂ ਨੂੰ ਨਸ਼ਾ ਨਹੀਂ ਦਿੱਤਾ ਤੇ ਨਾ ਹੀ ਬੰਧੂਆ ਮਜ਼ਦੂਰ ਬਣਾਇਆ ਹੈ।