ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਅਜਿਹੀ ਲੇਡੀ ਡੌਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਪਰਾਧ ਦੀ ਦੁਨੀਆ 'ਚ ਮੰਮੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ ਅਜਿਹੀ ਲੇਡੀ ਡੌਨ ਹੈ ਜੋ ਖੁਦ ਤਾਂ ਅਪਰਾਧ ਕਰਦੀ ਹੈ ਤੇ ਨਾਲ ਹੀ ਆਪਣੇ ਬੇਟਿਆਂ ਤੋਂ ਵੀ ਲਗਾਤਾਰ ਵਾਰਦਾਤਾਂ ਕਰਵਾ ਰਹੀ ਹੈ। ਇਸ ਲੇਡੀ ਡੌਨ ਤੇ ਇਸ ਦੇ ਪਰਿਵਾਰ 'ਤੇ ਕੁੱਲ 113 ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
62 ਸਾਲਾ ਬਸ਼ੀਰਨ ਦੇ ਨਾਂ ਤੋਂ ਪੁਲਿਸ ਵੀ ਥਰ-ਥਰ ਕੰਬਦੀ ਸੀ। ਕਈ ਗੰਭੀਰ ਮਾਮਲਿਆਂ 'ਚ ਉਹ ਅਦਾਲਤ ਤੋਂ ਭਗੌੜੀ ਐਲਾਨੀ ਜਾ ਚੁੱਕੀ ਸੀ। ਪਿਛਲੇ ਅੱਠ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ ਤੇ ਆਖਰਕਾਰ ਉਸ ਨੂੰ ਸੰਗਮ ਵਿਹਾਰ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਦੱਖਣੀ ਦਿੱਲੀ ਦੇ ਡੀਸੀਪੀ ਰੋਮਿਲ ਬਾਨੀਆ ਨੇ ਦੱਸਿਆ ਕਿ ਉਹ ਸ਼ਰਾਬ ਤਸਕਰੀ ਤੋਂ ਇਲਾਵਾ ਸਪਾਰੀ ਲੈ ਕੇ ਕਤਲ ਕਰਵਾਉਂਦੀ ਹੈ ਤੇ ਨਾਬਾਲਗ ਬੱਚਿਆਂ ਨੂੰ ਨਸ਼ੇ ਦੀ ਆਦਤ ਪਾ ਕੇ ਆਪਣੇ ਗੈਂਗ 'ਚ ਸ਼ਾਮਲ ਕਰਦੀ ਹੈ। ਉਸ ਦੇ ਗੈਂਗ 'ਚ ਸੈਂਕੜੇ ਬੱਚੇ ਹਨ।
ਬਸ਼ੀਰਨ ਜੋ ਗੈਂਗ ਦੀ ਸਰਗਨਾ ਹੈ, 'ਤੇ 9 ਮਾਮਲੇ ਦਰਜ ਹਨ ਜਦਕਿ ਉਸ ਦੇ ਬੇਟੇ ਸ਼ਮੀਮ 'ਤੇ 42, ਸ਼ਕੀਲ 'ਤੇ 15, ਵਕੀਲ 'ਤੇ 13, ਰਾਹੁਲ ਤੇ 3, ਫੈਜ਼ਲ 'ਤੇ 9, ਸਨੀ 'ਤੇ 9, ਸਲਮਾਨ 'ਤੇ 2 ਤੇ ਨਾਬਾਲਗ ਬੇਟੇ 'ਤੇ 11 ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ 'ਚ 7 ਕੇਸ ਕਤਲ ਦੇ ਇਕ ਕਤਲ ਦੀ ਕੋਸ਼ਿਸ਼ ਦਾ ਹੈ।
ਬਸ਼ੀਰਨ 'ਤੇ ਸ਼ਿਕੰਜਾ ਕੱਸਣਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੌਜੂਦਾ ਸਾਲ ਜਨਵਰੀ 'ਚ ਉਸ ਨੇ ਇੱਕ ਲੜਕੇ ਨੂੰ ਅਗਵਾ ਕਰਵਾ ਕੇ ਘਰ ਦੇ ਕੋਲ ਜੰਗਲ 'ਚ ਉਸ ਦੀ ਹੱਤਿਆ ਕਰਵਾਉਣੀ ਚਾਹੀ ਪਰ ਸਮਾਂ ਰਹਿੰਦਿਆਂ ਪੁਲਿਸ ਪਹੁੰਚ ਗਈ ਤੇ ਉਹ ਲੜਕਾ ਬਚ ਗਿਆ। ਉਸ ਵੇਲੇ ਮਾਮਲਾ ਸਾਹਮਣੇ ਆਇਆ ਕਿ ਜੰਗਲ 'ਚ 17 ਸਤੰਬਰ, 2017 ਨੂੰ ਸਿਰਾਜ ਨਾਂ ਦੇ ਲੜਕੇ ਦੀ ਹੱਤਿਆ ਕਰਵਾ ਕੇ ਉਸ ਨੂੰ ਦਫਨ ਕਰਵਾ ਦਿੱਤਾ ਸੀ। ਪੁਲਿਸ ਹੁਣ ਇਸ ਮਾਮਲੇ 'ਚ ਪੂਰੇ ਪਰਿਵਾਰ ਖਿਲਾਫ ਮਕੋਕਾ ਤਹਿਤ ਕਾਰਵਾਈ ਕਰ ਰਹੀ ਹੈ।