ਮੰਤਰੀ ਦੇ ਮੁੰਡੇ ਨੂੰ ਸਬਕ ਸਿਖਾਉਣ ਵਾਲੀ 'ਲੇਡੀ ਸਿੰਘਮ’ ਨੇ ਦਿੱਤਾ ਅਸਤੀਫਾ, ਪੁਲਿਸ ਅਫਸਰਾਂ ਦਾ ਨਹੀਂ ਮਿਲਿਆ ਸਾਥ
ਏਬੀਪੀ ਸਾਂਝਾ | 16 Jul 2020 12:38 PM (IST)
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਸਿਹਤ ਰਾਜ ਮੰਤਰੀ ਕੁਮਾਰ ਕਨਾਨੀ ਦੇ ਬੇਟੇ ਪ੍ਰਕਾਸ਼ ਕਨਾਨੀ ਤੇ ਉਸ ਦੇ ਦੋ ਦੋਸਤਾਂ ਨੂੰ ਐਤਵਾਰ ਸੂਰਤ ਵਿੱਚ ਲੌਕਡਾਊਨ ਤੇ ਰਾਤ ਦੇ ਕਰਫਿਊ ਦੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਸੂਰਤ: ਵੂਮੈਨ ਪੁਲਿਸ ਕਾਂਸਟੇਬਲ ਸੁਨੀਤਾ ਯਾਦਵ ਤਾਂ ਸਭ ਨੂੰ ਯਾਦ ਹੀ ਹੋਵੇਗੀ। ਇਸ ਕਾਂਸਟੇਬਲ ਦਾ ਮੰਤਰੀ ਦੇ ਬੇਟੇ ਨਾਲ ਲੌਕਡਾਊਨ ਦੀ ਉਲੰਘਣਾ ਕਾਰਨ ਝਗੜਾ ਹੋਇਆ ਸੀ। ਫੇਰ ਇਸ ਦੀ ਹਿੰਮਤ ਕਰਕੇ ਹੀ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਹੋਈ ਸੀ। ਹੁਣ ਆਲਮ ਇਹ ਹੈ ਕਿ ਉਸ ਲੇਡੀ ਸਿੰਘਮ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਯਾਦਵ, ਜਿਸ ਦੀ ਸੋਸ਼ਲ ਮੀਡੀਆ ‘ਤੇ ਮੰਤਰੀ ਦੇ ਬੇਟੇ ਖਿਲਾਫ ਕਾਰਵਾਈ ਕਰਨ ਲਈ ਸ਼ਲਾਘਾ ਕੀਤੀ ਜਾ ਰਹੀ ਹੈ। ਉਸ ਨੇ ਕਿਹਾ, “ਮੈਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਮੈਨੂੰ ਆਪਣੇ ਉੱਚ ਅਧਿਕਾਰੀਆਂ ਦਾ ਸਮਰਥਨ ਨਹੀਂ ਮਿਲਿਆ। ਮੈਂ ਸਿਰਫ ਇੱਕ ਕਾਂਸਟੇਬਲ ਵਜੋਂ ਆਪਣਾ ਫਰਜ਼ ਨਿਭਾਅ ਰਹੀ ਸੀ। ਇਹ ਸਾਡੇ ਸਿਸਟਮ ਦਾ ਕਸੂਰ ਹੈ ਕਿ ਇਹ ਲੋਕ (ਮੰਤਰੀ ਦੇ ਪੁੱਤਰ ਵਾਂਗ) ਸੋਚਦੇ ਹਨ ਕਿ ਉਹ ਵੀਵੀਆਈਪੀ ਹਨ।" ਹਾਲਾਂਕਿ, ਇੱਥੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਅਸਤੀਫ਼ਾ ਦਿੱਤਾ ਹੈ। ਸੂਰਤ ਦੇ ਪੁਲਿਸ ਕਮਿਸ਼ਨਰ ਆਰਬੀ ਬ੍ਰਹਮਭੱਟ ਨੇ ਕਿਹਾ, "ਉਸ ਨੇ ਆਪਣਾ ਅਸਤੀਫਾ ਨਹੀਂ ਦਿੱਤਾ। ਜਾਂਚ ਅਜੇ ਜਾਰੀ ਹੈ ਤੇ ਤਕਨੀਕੀ ਤੌਰ ‘ਤੇ ਉਹ ਇਸ ਸਮੇਂ ਅਸਤੀਫਾ ਨਹੀਂ ਦੇ ਸਕਦੀ।" ਯਾਦਵ ਦੀ ਕਾਰਵਾਈ ਕਾਰਨ ਐਫਆਈਆਰ ਦਰਜ ਕੀਤੀ ਗਈ ਸੀ ਤੇ ਪ੍ਰਕਾਸ਼ ਕਨਾਨੀ ਤੇ ਉਸ ਦੇ ਦੋ ਦੋਸਤਾਂ ਨੂੰ ਸੂਰਤ ਸ਼ਹਿਰ ਵਿੱਚ ਲੌਕਡਾਊਨ ਤੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਗ੍ਰਿਫਤਾਰੀਆਂ ਉਸ ਸਮੇਂ ਹੋਈਆਂ ਜਦੋਂ ਮੁਲਜ਼ਮਾਂ ਤੇ ਯਾਦਵ ਵਿਚਾਲੇ ਤਿੱਖੇ ਵਿਵਾਦ ਦਾ ਵੀਡੀਓ ਸਾਹਮਣੇ ਆਇਆ। ਬਾਅਦ 'ਚ ਤਿੰਨਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਘਟਨਾ ਮਗਰੋਂ ਯਾਦਵ ਨੂੰ ਸੋਸ਼ਲ ਮੀਡੀਆ ‘ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਉਸ ਨੂੰ "ਲੇਡੀ ਸਿੰਘਮ" ਕਹਿ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਟਕਰਾਅ ਦੀ ਖਬਰ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ #i_support_sunita_yadav" ਟ੍ਰੈਂਡ ਹੋਣ ਲੱਗ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904