ਲਖੀਮਪੁਰ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਬੁੱਧਵਾਰ ਨੂੰ ਦੋ ਭੈਣਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਹ ਦੋਵੇਂ ਸਕੀਆਂ ਭੈਣਾਂ ਹਨ। ਇਹ ਮਾਮਲਾ ਲਖੀਮਪੁਰ ਖੀਰੀ ਦੇ ਨਿਘਾਸਨ ਕੋਤਵਾਲੀ ਦਾ ਹੈ। ਇਸ ਮਾਮਲੇ ਵਿੱਚ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਦਾ ਬਿਆਨ ਆਇਆ ਹੈ। ਇਸ ਦੇ ਨਾਲ ਹੀ ਆਈਜੀ ਲਖਨਊ ਰੇਂਜ ਨੇ ਵੀ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਇਸ ਮਾਮਲੇ 'ਚ ਪੀੜਤਾ ਦੀ ਮਾਂ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਘਟਨਾ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਇਸ ਮਾਮਲੇ 'ਚ ਮ੍ਰਿਤਕਾਂ ਦੀ ਮਾਂ ਨੇ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਅਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਜਦਕਿ ਪੁਲਿਸ ਨੇ ਮ੍ਰਿਤਕਾਂ ਦੀ ਮਾਂ ਦੀ ਸ਼ਿਕਾਇਤ 'ਤੇ ਇੱਕ ਨਾਮੀ ਅਤੇ ਤਿੰਨ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਪੂਰੀ ਘਟਨਾ ਨਿਘਾਸਨ ਕੋਤਵਾਲੀ ਖੇਤਰ ਦੇ ਤਮੋਲਿਨਪੁਰਵਾ ਪਿੰਡ ਦੀ ਹੈ।
ਇਸ ਦੇ ਨਾਲ ਹੀ ਲਖਨਊ ਰੇਂਜ ਦੇ ਆਈਜੀ ਲਕਸ਼ਮੀ ਸਿੰਘ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ, "ਲੱਖੀਮਪੁਰ ਖੇੜੀ ਵਿੱਚ ਇੱਕ ਪਿੰਡ ਦੇ ਬਾਹਰ ਇੱਕ ਖੇਤ ਵਿੱਚ ਦੋ ਲੜਕੀਆਂ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਲਾਸ਼ਾਂ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਬਾਕੀ ਗੱਲਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ, ਜਾਂਚ ਜਾਰੀ ਹੈ।"
ਕੀ ਕਿਹਾ ਡੀਐਮ ਨੇ?
ਲਖੀਮਪੁਰ ਦੇ ਡੀਐਮ ਮਹਿੰਦਰ ਬਹਾਦਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਏਬੀਪੀ ਨੂੰ ਫ਼ੋਨ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਲੜਕੀਆਂ ਦੇ ਪੋਸਟਮਾਰਟਮ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਦੋਵੇਂ ਲੜਕੀਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਯੂਪੀ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਦੱਸਿਆ ਕਿ ਲਖੀਮਪੁਰ 'ਚ ਦੋ ਭੈਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ 'ਤੇ ਦਰੱਖਤ ਨਾਲ ਲਟਕਦੀਆਂ ਮਿਲੀਆਂ। ਐਸਪੀ ਮੌਕੇ 'ਤੇ ਪਹੁੰਚ ਗਏ ਹਨ। ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ।