ਪਟਨਾ : ਬਿਹਾਰ ਦੇ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਕ ਦੂਸਰੇ ਦਾ ਹੱਥ ਫੜ ਕੇ ਦਾਜ ਅਤੇ ਬਾਲ ਵਿਆਹ ਦੇ ਖ਼ਾਤਮੇ ਦਾ ਸੰਕਲਪ ਲਿਆ। ਸਾਲ ਪਹਿਲਾਂ ਹੀ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਨਸ਼ੇ ਖ਼ਿਲਾਫ਼ ਸਮੂਹਕ ਸੰਘਰਸ਼ ਲਈ ਮਨੁੱਖੀ ਲੜੀ ਬਣਾਈ ਸੀ। ਇਸ ਵਾਰ ਦਾਜ ਅਤੇ ਬਾਲ ਵਿਆਹ ਵਰਗੀਆਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਪੂਰਾ ਸੂਬਾ ਵਚਨਬੱਧ ਦਿਸਿਆ।
ਮੁੱਖ ਸੱਕਤਰ ਅੰਜਨੀ ਕੁਮਾਰ ਸਿੰਘ ਨੇ ਸੂਬੇ ਭਰ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਐਤਵਾਰ ਨੂੰ ਸਾਢੇ ਚਾਰ ਕਰੋੜ ਤੋਂ ਵੱਧ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾ ਕੇ ਇਸ ਸਮਾਜਿਕ ਤਬਦੀਲੀ ਪ੍ਰਤੀ ਆਪਣੇ ਵਚਨਬੱਧਤਾ ਪ੍ਰਗਟਾਈ।
ਸੂਬੇ ਦੀ ਰਾਜਧਾਨੀ ਪਟਨਾ ਤੋਂ ਲੈ ਕੇ ਪਿੰਡ-ਕਸਬਿਆਂ 'ਚ ਕਤਾਰਾਂ 'ਚ ਖੜ੍ਹੇ ਕਰੋੜਾਂ ਲੋਕਾਂ ਦੀ ਵਚਨਬੱਧਤਾ ਨੂੰ ਕੁਦਰਤ ਦਾ ਸਾਥ ਵੀ ਮਿਲਿਆ। ਮਹੀਨੇ ਭਰ ਤੋਂ ਜਾਰੀ ਕੜਾਕੇ ਦੀ ਠੰਢ ਦੇ ਤੇਵਰ ਨਰਮ ਸਨ। ਕੋਹਰਾ ਹਟ ਗਿਆ ਸੀ ਤੇ ਧੁੱਪ ਨਿਕਲੀ।
ਇਸ ਨਾਲ ਸਮਾਜਿਕ ਨਿਆਂ ਦੇ ਸੰਕਲਪ ਨੂੰ ਨਵੀਂ ਊਰਜਾ ਮਿਲ ਰਹੀ ਸੀ। ਦੁਪਹਿਰ 12 ਵੱਜਣ ਤੋਂ ਪਹਿਲਾਂ ਹੀ ਇਕ-ਦੂਸਰੇ ਦਾ ਹੱਥ ਫੜ ਕੇ ਖੜ੍ਹੇ ਲੋਕਾਂ ਦੀਆਂ ਕਤਾਰਾਂ ਦਿਖਾਈ ਦੇਣ ਲੱਗੀਆਂ। ਰਾਜਧਾਨੀ 'ਚ ਇਸ ਵੱਡੇ ਪ੍ਰੋਗਰਾਮ ਦਾ ਗਵਾਹ ਬਣਿਆ ਇਤਿਹਾਸਕ ਗਾਂਧੀ ਮੈਦਾਨ।
ਮੁੱਖ ਮੰਤਰੀ ਨਿਤਿਸ਼ ਕੁਮਾਰ, ਡਿਪਟੀ ਸੀਐੱਮ ਸੁਸ਼ੀਲ ਮੋਦੀ, ਵਿਧਾਨ ਸਭਾ ਪ੍ਰਧਾਨ ਵਿਜੇ ਕੁਮਾਰ ਚੌਧਰੀ, ਮੇਅਰ ਸੀਤਾ ਸਾਹੂ ਸਮੇਤ ਸਾਰੇ ਨੇਤਾਵਾਂ, ਅਧਿਕਾਰੀਆਂ ਅਤੇ ਸਮਾਜਿਕ ਵਰਕਰਾਂ ਦੇ ਮਜਬੂਤ ਇਰਾਦਿਆਂ ਨੇ ਮਨੁੱਖੀ ਲੜੀ ਨੂੰ ਅੰਦਾਜ਼ੇ ਤੋਂ ਵੱਧ ਲੰਬਾ ਕਰ ਦਿੱਤਾ।